ਸ਼ਹੀਦ ਦੀ ਜਗ੍ਹਾ ''ਅੱਤਵਾਦੀ'' ਪੜ੍ਹ ਕੇ ਬਹੁਤ ਦੁੱਖ ਹੁੰਦੈ

Wednesday, Mar 21, 2018 - 02:39 AM (IST)

ਸ਼ਹੀਦ ਦੀ ਜਗ੍ਹਾ ''ਅੱਤਵਾਦੀ'' ਪੜ੍ਹ ਕੇ ਬਹੁਤ ਦੁੱਖ ਹੁੰਦੈ

ਫਿਰੋਜ਼ਪੁਰ(ਕੁਮਾਰ)— ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਪੋਤਰੇ ਯਾਦਵਿੰਦਰ ਸਿੰਘ ਸੰਧੂ ਰਾਸ਼ਟਰੀ ਪ੍ਰਧਾਨ ਸ਼ਹੀਦ ਭਗਤ ਸਿੰਘ ਬ੍ਰਿਗੇਡ ਨੇ ਕਿਹਾ ਕਿ ਜਿਸ ਆਜ਼ਾਦ ਹਿੰਦੁਸਤਾਨ ਦੀ ਕਲਪਨਾ ਕਰ ਕੇ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਬੀ. ਕੇ. ਦੱਤ ਅਤੇ ਸ਼ਹੀਦ ਊਧਮ ਸਿੰਘ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ, ਅੱਜ ਤੱਕ ਉਨ੍ਹਾਂ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਦੇਸ਼ 'ਚੋਂ ਗੋਰੇ ਅੰਗਰੇਜ਼ ਤਾਂ ਚਲੇ ਗਏ ਹਨ ਪਰ ਉਨ੍ਹਾਂ ਦੀ ਜਗ੍ਹਾ ਕਾਲੇ ਅੰਗਰੇਜ਼ਾਂ ਨੇ ਲੈ ਲਈ ਹੈ, ਜੋ ਦੋਵੇਂ ਹੱਥਾਂ ਨਾਲ ਆਰਥਕ ਅਤੇ ਭਾਵਨਾਤਮਿਕ ਤੌਰ 'ਤੇ ਦੇਸ਼ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ 23 ਮਾਰਚ ਨੂੰ ਸ਼ਹੀਦੀ ਦਿਵਸ 'ਤੇ ਸਾਡੀਆਂ ਸਰਕਾਰਾਂ ਨੂੰ ਸ਼ਹੀਦ-ਏ-ਆਜਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਕਿਉਂ ਆਉਂਦੀ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਤਾਂ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ 'ਤੇ ਕੁਰਬਾਨ ਹੋਣ ਵਾਲੇ ਸ਼ਹੀਦ-ਏ-ਆਜਮ ਸ. ਭਗਤ ਸਿੰਘ ਨੂੰ ਕਈ ਕਿਤਾਬਾਂ ਵਿਚ ਅੱਜ ਵੀ ਸ਼ਹੀਦ ਦੀ ਜਗ੍ਹਾ ਅੱਤਵਾਦੀ ਲਿਖਿਆ ਗਿਆ ਹੈ ਅਤੇ ਸਾਡੀ ਕੇਂਦਰ ਦੀ ਸਰਕਾਰ ਨੂੰ ਸ਼ਹੀਦਾਂ ਦੀ ਇਕ ਵਿਧਾਨਕ ਸੂਚੀ ਜਾਰੀ ਕਰਨੀ ਚਾਹੀਦੀ ਹੈ, ਜਿਸ ਵਿਚ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੀ ਸਾਡੇ ਦੇਸ਼ ਵਿਚ ਕੋਈ ਅਜਿਹਾ ਇਕ ਵੀ ਸੰਸਦ ਮੈਂਬਰ ਨਹੀਂ ਹੈ, ਜੋ ਪਾਰਲੀਮੈਂਟ ਵਿਚ ਇਸ ਸਬੰਧੀ ਆਰਡੀਨੈਂਸ ਜਾਰੀ ਕਰਵਾ ਸਕੇ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਇਸ ਮੰਗ ਨੂੰ ਪਾਰਲੀਮੈਂਟ ਵਿਚ ਚੁੱਕਿਆ ਜਾਣਾ ਚਾਹੀਦਾ ਹੈ। ਜਦ ਕਦੇ ਵੀ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੀ ਸ਼ਹਾਦਤ ਸਬੰਧੀ 'ਸ਼ਹੀਦ ਅਤੇ ਅੱਤਵਾਦੀ' ਸ਼ਬਦ ਨੂੰ ਲੈ ਕੇ ਕੋਈ ਬਹਿਸ ਚੱਲਦੀ ਹੈ ਤਾਂ ਸਾਡੇ ਪਰਿਵਾਰ ਨੂੰ ਭਾਰੀ ਦੁੱਖ ਹੁੰਦਾ ਹੈ। 
ਕਿਸਾਨਾਂ ਨੂੰ ਆਤਮਹੱਤਿਆ ਕਰਨ ਤੋਂ ਸਰਕਾਰ ਰੋਕੇ  
ਯਾਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਦਾ ਛੋਟਾ ਕਿਸਾਨ ਬਹੁਤ ਦੁੱਖੀ ਅਤੇ ਪ੍ਰੇਸ਼ਾਨ ਹੈ ਅਤੇ ਆਏ ਦਿਨ ਕਰਜ਼ੇ ਵਿਚ ਡੁੱਬੇ ਕਿਸਾਨ ਆਤਮਹੱਤਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਿਆ ਦੀਆਂ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਜਾਣਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਦੇਸ਼ ਦਾ ਅਨਾਜ ਭੰਡਾਰ ਭਰਨ ਵਾਲਾ ਕਿਸਾਨ ਅੱਜ ਬੇਵੱਸ ਹੋਇਆ ਪਿਆ ਹੈ, ਤੁਰੰਤ ਉਸ ਦੇ ਜ਼ਖਮਾਂ 'ਤੇ ਮਰਹੱਮ ਲਾਇਆ ਜਾਣਾ ਚਾਹੀਦਾ ਹੈ। ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਨੇ 'ਪੱਗੜੀ ਸੰਭਾਲ ਜੱਟਾ' ਮੁਹਿੰਮ ਚਲਾਈ ਸੀ ਅਤੇ ਜਿਸ ਕਿਸਾਨ 'ਤੇ ਦੇਸ਼ ਮਾਣ ਕਰਦਾ ਹੈ, ਅੱਜ ਉਸੇ ਕਿਸਾਨ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਗਲਤ ਹੈ। 
ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਮੰਗ ਹੈ ਕਿ ਭਾਰਤੀ ਕਰੰਸੀ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਆਦਿ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਜਾਣ ਅਤੇ ਚੰਡੀਗੜ੍ਹ ਦੇ ਏਅਰਪੋਰਟ ਦਾ ਨਾਂ ਵੀ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ। 
ਕੀ ਕਹਿੰਦੇ ਨੇ ਖੱਤਰੀ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ 
ਖੱਤਰੀ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਬਾਪੂ ਜਤਿੰਦਰ ਮਹਿਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਅੱਗੇ ਆਉਣ ਅਤੇ ਸਾਰੇ ਸਕੂਲਾਂ-ਕਾਲਜਾਂ 'ਚ ਦੇਸ਼ ਭਗਤੀ ਅਤੇ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਪੀਰੀਅਡ ਰੱਖਿਆ ਜਾਵੇ। ਸਰਕਾਰਾਂ ਅਤੇ ਸਮਾਜ ਦੀ ਅਣਡਿੱਠਤਾ ਕਾਰਨ ਸਾਡੀ ਨੌਜਵਾਨ ਪੀੜ੍ਹੀ ਦੇਸ਼ ਭਗਤਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁਲਦੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ 23 ਮਾਰਚ ਨੂੰ ਸ਼ਹੀਦਾਂ ਦੇ ਸ਼ਹੀਦੀ ਦਿਵਸ 'ਤੇ ਛੁੱਟੀ ਕੀਤੀ ਜਾਵੇ ਤਾਂ ਜੋ ਲੋਕ ਵਧ-ਚੜ੍ਹ ਕੇ ਹੁਸੈਨੀਵਾਲਾ ਵਿਚ ਆ ਕੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰ ਸਕਣ। 
ਸ਼ਹੀਦਾਂ ਦੇ ਹੁਸੈਨੀਵਾਲਾ ਸਮਾਰਕ ਤੇ ਹੋਰ ਸਥਾਨ ਨੈਸ਼ਨਲ ਮਾਨੂਮੈਂਟ ਐਲਾਨੇ ਜਾਣ
ਯਾਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ ਅਤੇ ਫਿਰੋਜ਼ਪੁਰ ਸ਼ਹਿਰ ਤੂੜੀ ਬਾਜ਼ਾਰ ਦੀ ਇਮਾਰਤ ਜਿਸ ਵਿਚ ਸ਼ਹੀਦ ਭਗਤ ਸਿੰਘ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲ ਮੀਟਿੰਗਾਂ ਕਰਿਆ ਕਰਦੇ ਸਨ, ਅਜਿਹੇ ਇਤਿਹਾਸਕ ਸਥਾਨ ਨੈਸ਼ਨਲ ਮਾਨੂਮੈਂਟ ਐਲਾਨੇ ਜਾਣ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅਤੇ ਡਵੀਜ਼ਨ ਦੇ ਕਮਿਸ਼ਨਰ ਰਹੇ ਆਈ. ਏ. ਐੱਸ. ਅਫਸਰ ਕੁਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਇਤਿਹਾਸਕ ਸਥਾਨਾਂ ਨੂੰ ਨੈਸ਼ਨਲ ਮਾਨੂਮੈਂਟ ਘੋਸ਼ਿਤ ਕਰਵਾਉਣ ਲਈ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਅਤੇ ਉਨ੍ਹਾਂ ਦੀ ਮਿਹਨਤ ਕਾਰਨ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲਾ ਦੀਆਂ ਟੀਮਾਂ ਨੇ ਸਰਵੇ ਕਰਨ ਉਪਰੰਤ ਇਨ੍ਹਾਂ ਸਥਾਨਾਂ ਨੂੰ ਨੈਸ਼ਨਲ ਮੈਨੂਮੈਂਟ ਐਲਾਨ ਕਰਨ 'ਤੇ ਸਹਿਮਤੀ ਵੀ ਦਿੱਤੀ ਸੀ ਪਰ ਕੁਲਬੀਰ ਸਿੰਘ ਸਿੱਧੂ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਅਤੇ 10 ਸਾਲਾਂ ਦੀ ਸੱਤਾ ਵਿਚ ਰਹੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੰਮ ਲਈ ਸਰਕਾਰ ਵਿਸ਼ੇਸ਼ ਤੌਰ 'ਤੇ ਕੁਲਬੀਰ ਸਿੰਘ ਸਿੱਧੂ ਦੀਆਂ ਸੇਵਾਵਾਂ ਲਵੇ।
ਦੇਸ਼ ਭਗਤ ਗੁਰਬਖਸ਼ ਰਾਮ ਰੋਟੀ ਲਈ ਆਤੁਰ ਹੋਇਆ ਪਿਆ 
ਸ. ਸੰਧੂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਲਈ ਪਾਕਿਸਤਾਨ ਦੀਆਂ ਜੇਲਾਂ ਵਿਚ 18 ਸਾਲ ਤੱਕ ਤਸ਼ੱਦਦ ਝਲ ਕੇ ਆਏ ਫਿਰੋਜ਼ਪੁਰ ਸ਼ਹਿਰ ਗਾਂਧੀ ਨਗਰ ਦੇ ਦੇਸ਼ ਭਗਤ ਗੁਰਬਖਸ਼ ਰਾਮ ਦੀ ਤਰਸਯੋਗ ਹਾਲਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਭਗਤ ਨੂੰ ਵਾਪਸ ਆਉਣ ਉਪਰੰਤ ਕਿਸੇ ਨੇ ਨਹੀਂ ਪੁੱਛਿਆ ਅਤੇ ਅੱਜ ਗੁਰਬਖਸ਼ ਰਾਮ ਰੋਟੀ ਲਈ ਆਤੁਰ ਹੈ। ਉਸ ਕੋਲ ਰਹਿਣ ਲਈ ਘਰ ਅਤੇ 2 ਵਕਤ ਦੀ ਰੋਟੀ ਖਾਣ ਲਈ ਰੋਜ਼ਗਾਰ ਨਹੀਂ। ਜਦ ਉਹ ਪਾਕਿਸਤਾਨ ਦੀਆਂ ਜੇਲਾਂ ਵਿਚ ਪਾਕਿ ਆਰਮੀ ਦਾ ਤਸ਼ੱਦਦ ਝੱਲ ਰਿਹਾ ਸੀ ਤਾਂ ਪੁੱਤਰ ਦੇ ਵਿਛੋੜੇ ਵਿਚ ਉਸ ਦੇ ਮਾਂ-ਬਾਪ ਮਰ ਗਏ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਅਜਿਹੇ ਦੇਸ਼ ਭਗਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। 


Related News