ਕਲਰਕਾਂ ਦੀ ਗਲਤ ਪ੍ਰਮੋਸ਼ਨ ''ਤੇ ਪਰਦਾ ਪਾਉਣ ਦੀ ਤਿਆਰੀ ''ਚ ਅਫਸਰ
Monday, Jan 06, 2020 - 11:34 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਅਧਿਕਾਰੀਆਂ ਵਲੋਂ ਕਲਰਕਾਂ ਦੀ ਗਲਤ ਢੰਗ ਨਾਲ ਕੀਤੀ ਗਈ ਪ੍ਰਮੋਸ਼ਨ 'ਤੇ ਪਰਦਾ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ 8 ਜਨਵਰੀ ਨੂੰ ਇਨ੍ਹਾਂ ਮੁਲਾਜ਼ਮਾਂ ਦਾ ਇੰਗਲਿਸ਼ ਟੈਸਟ ਰੱਖਿਆ ਗਿਆ ਹੈ। ਇੱਥੇ ਦੱਸਣਯੋਗ ਹੋਵੇਗਾ ਕਿ ਦਰਜਾ ਚਾਰ ਮੁਲਾਜ਼ਮਾਂ ਨੂੰ ਕਲਰਕ ਬਣਾਉਣ ਲਈ 5 ਸਾਲ ਸਰਵਿਸ ਦੇ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਟਾਈਪਿੰਗ ਦਾ ਡਿਪਲੋਮਾ ਅਤੇ ਇੰਗਲਿਸ਼-ਪੰਜਾਬੀ ਟਾਈਪਿੰਗ ਟੈਸਟ ਕਲੀਅਰ ਕਰਨ ਦੀ ਸ਼ਰਤ ਲਾਈ ਗਈ ਹੈ, ਜਿਸ ਦੇ ਬਾਵਜੂਦ ਨਗਰ ਨਿਗਮ ਵਲੋਂ ਪਿਛਲੇ ਸਮੇਂ ਦੌਰਾਨ ਉਨ੍ਹਾਂ ਮੁਲਾਜ਼ਮਾਂ ਨੂੰ ਕਲਰਕ ਬਣਾ ਦਿੱਤਾ ਗਿਆ, ਜੋ ਇੰਗਲਿਸ਼ ਟਾਈਪ ਟੈਸਟ 'ਚ ਫੇਲ ਹੋ ਗਏ ਸੀ ਜਾਂ ਫਿਰ ਟੈਸਟ ਦਿੱਤਾ ਹੀ ਨਹੀਂ।
ਇਨ੍ਹਾਂ ਮੁਲਾਜ਼ਮਾਂ ਨੂੰ ਇਕ ਸਾਲ ਦੇ ਅੰਦਰ ਇੰਗਲਿਸ਼ ਟਾਈਪ ਟੈਸਟ 'ਚ ਪਾਸ ਹੋਣ ਦੀ ਸ਼ਰਤ ਲਾਈ ਗਈ ਸੀ ਪਰ ਕਰੀਬ 3 ਸਾਲ ਲੰਘਣ ਦੇ ਬਾਅਦ ਵੀ ਜ਼ਿਆਦਾਤਰ ਮੁਲਾਜ਼ਮਾਂ ਦਾ ਇੰਗਲਿਸ਼ ਟਾਈਪ ਟੈਸਟ ਰੱਖਿਆ ਨਹੀਂ ਗਿਆ। ਇਸ ਬਾਰੇ ਆਡਿਟ ਵਲੋਂ ਇਤਰਾਜ਼ ਲਾਉਣ ਦੇ ਬਾਅਦ ਮੁਲਾਜ਼ਮਾਂ ਨੂੰ ਰਿਵਰਟ ਕਰਨ ਦੀ ਬਜਾਏ ਉਨ੍ਹਾਂ ਦੀਆਂ ਗਲਤੀਆਂ 'ਤੇ ਪਰਦਾ ਪਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ, ਜਿਸ ਦੇ ਤਹਿਤ ਉਕਤ ਮੁਲਾਜ਼ਮਾਂ ਲਈ 8 ਜਨਵਰੀ ਤੱਕ ਇੰਗਲਿਸ਼ ਟਾਈਪ ਟੈਸਟ ਰੱਖਿਆ ਗਿਆ ਹੈ। ਇਨ੍ਹਾਂ ਤੋਂ ਕੁਝ ਮੁਲਾਜ਼ਮ ਤਾਂ ਸੈਲਰੀ 'ਤੇ ਵਾਧੇ ਦਾ ਲਾਭ ਵੀ ਲੈ ਰਹੇ ਹਨ।