ਪੰਡਿਤ ਨਹਿਰੂ ਦੀ ਗਲਤ ਕਸ਼ਮੀਰ ਨੀਤੀ ਦਾ ਨਤੀਜਾ ਅੱਜ ਵੀ ਦੇਸ਼ ਦੀ ਜਨਤਾ ਭੁਗਤ ਰਹੀ ਹੈ : ਚੁੱਘ
Monday, Jun 24, 2019 - 01:14 AM (IST)

ਅੰਮ੍ਰਿਤਸਰ (ਕਮਲ)— ਭਾਰਤੀ ਜਨਸੰਘ ਦੇ ਸੰਸਥਾਪਕ ਅਮਰ ਸ਼ਹੀਦ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਕੇਂਦਰੀ ਵਿਧਾਨ ਸਭਾ ਖੇਤਰ ਦੇ ਲਾਹੌਰੀ ਗੇਟ ਦਫ਼ਤਰ 'ਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਦੀ ਪ੍ਰਧਾਨਗੀ 'ਚ ਮਨਾਇਆ ਗਿਆ।
ਇਸ ਮੌਕੇ ਅਮਰ ਸ਼ਹੀਦ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਚਿੱਤਰ 'ਤੇ ਫੁੱਲ ਭੇਟ ਕਰਦਿਆਂ ਚੁੱਘ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੀ ਗਲਤ ਨੀਤੀ ਕਾਰਨ ਕਸ਼ਮੀਰ ਦਾ ਮਾਮਲਾ ਸੁਲਝਣ ਦੀ ਜਗ੍ਹਾ ਉਲਝਦਾ ਰਿਹਾ ਹੈ। ਨਹਿਰੂ ਦੀ ਢਿੱਲਮੱਠ ਨੀਤੀ ਕਾਰਨ ਸ਼ੇਖ ਅਬਦੁੱਲਾ ਚਾਹੁੰਦੇ ਸਨ ਕਿ ਸਾਰੇ ਹਿੰਦੂ ਘੱਟ ਗਿਣਤੀ ਜਿਨ੍ਹਾਂ 'ਚ ਡੋਗਰੇ ਵੀ ਸ਼ਾਮਿਲ ਸਨ, ਕਸ਼ਮੀਰ ਛੱਡ ਕੇ ਚਲੇ ਜਾਣ ਨੂੰ ਮਜਬੂਰ ਹੋ ਜਾਣ। ਅੱਜ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਭਾਰਤ ਸਰਕਾਰ ਡਾ. ਮੁਖਰਜੀ ਦੇ ਸੁਪਨੇ ਦਾ ਕਸ਼ਮੀਰ ਬਣਾਉਣ ਦੇ ਰਸਤੇ 'ਤੇ ਅੱਗੇ ਵਧ ਰਹੀ ਹੈ। ਚੁੱਘ ਨੇ ਕਿਹਾ ਕਿ ਪੰਡਿਤ ਨਹਿਰੂ ਦੀ ਗਲਤ ਕਸ਼ਮੀਰ ਨੀਤੀ ਦਾ ਨਤੀਜਾ ਅੱਜ ਵੀ ਦੇਸ਼ ਦੀ ਜਨਤਾ ਭੁਗਤ ਰਹੀ ਹੈ।
ਇਸ ਮੌਕੇ ਹੇਮੰਤ ਮਹਿਰਾ, ਜੋਤੀ ਬਾਲਾ, ਇੰਦਰਪਾਲ ਆਰੀਆ, ਵਰਿੰਦਰ ਭੱਟੀ, ਸੰਦੀਪ ਬੇਹਾਲ, ਰਾਜਿੰਦਰ ਸ਼ਰਮਾ, ਦਵਿੰਦਰ ਹੀਰਾ, ਜਰਨਲ ਸਿੰਘ, ਸਰਬਜੀਤ ਸਿੰਘ ਸ਼ੰਟੀ, ਸਤੀਸ਼ ਅਰੋੜਾ, ਹੈਪੀ ਨਈਅਰ, ਗੋਪੀ ਚੰਦ, ਨਰਿੰਦਰ ਗੋਲਡੀ, ਪ੍ਰਦੀਪ ਸਰੀਨ ਆਦਿ ਹਾਜ਼ਰ ਸਨ।