ਵਿੱਤੀ ਸੰਕਟ ਨੂੰ ਲੈ ਕੇ ਚਿੰਤਾ! NHUI ਨੇ ਬੱਸਾਂ, ਕਾਰਾਂ ਵਾਲਿਆਂ ਕੋਲੋਂ ਪੰਜਾਬੀ ਯੂਨੀਵਰਸਿਟੀ ਲਈ ਮੰਗਿਆ ਦਾਨ
Wednesday, Mar 15, 2023 - 10:05 PM (IST)
ਪਟਿਆਲਾ (ਮਨਦੀਪ ਜੋਸਨ) : ਐੱਨ. ਐੱਸ. ਯੂ. ਆਈ. ਦੇ ਪੰਜਾਬ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਸਰਕਾਰ ਵੱਲੋਂ ਫੰਡਾਂ ਦੀ ਘਾਟ ਨੂੰ ਲੈ ਕੇ ਡੂੰਘੇ ਚਿੰਤਾ ’ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਰਕਾਰ ਸਿੱਖਿਆ ਅਤੇ ਨੌਜਵਾਨਾਂ ਦੇ ਭਵਿੱਖ ’ਚ ਨਿਵੇਸ਼ ਕਰਨ ਨੂੰ ਬਿਲਕੁੱਲ ਤਰਜ਼ੀਹ ਨਹੀਂ ਦੇ ਰਹੀ। ਈਸ਼ਰਪ੍ਰੀਤ ਸਿੱਧੂ ਨੇ ਮੰਗ ਕੀਤੀ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਲਈ ਤੁਰੰਤ ਕਾਰਵਾਈ ਕਰੇ। ਐੱਨ. ਐੱਸ. ਯੂ. ਆਈ. ਦੇ ਮੈਂਬਰ ਆਪਣੀ ਯੂਨੀਵਰਸਿਟੀ ’ਚ ਫੰਡਾਂ ਦੀ ਸਖ਼ਤ ਲੋੜ ਨੂੰ ਦਰਸ਼ਾਉਣ ਲਈ ਪੈਸੇ ਦੀ ਮੰਗ ਕਰਨ ਲਈ ਸੜਕਾਂ ’ਤੇ ਉਤਰ ਆਏ ਅਤੇ ਯੂਨੀਵਰਸਿਟੀ ਦੀ ਆਰਥਿਕ ਪੱਖੋਂ ਮਦਦ ਕਰਨ ਲਈ ਆਮ ਲੋਕਾਂ ਤੋਂ ਦਾਨ ਦੀ ਮੰਗ ਕੀਤੀ। ਅੱਜ ਉਨ੍ਹਾਂ ਨੇ ਬੱਸਾਂ, ਕਾਰਾਂ, ਆਟੋਜ਼ ਅਤੇ ਹੋਰ ਰਾਹਗੀਰਾਂ ਕੋਲੋਂ ਪੰਜਾਬੀ ਯੂਨੀਵਰਸਿਟੀ ਲਈ ਦਾਨ ਮੰਗਿਆ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਫੰਡਾਂ ’ਚ ਕੀਤੀ ਜਾ ਰਹੀ ਕਟੌਤੀ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਲੋਕਾਂ ਨੇ ਸਰਕਾਰ ਦੇ ਇਸ ਨੌਜਵਾਨ ਵਿਰੋਧੀ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ। ਵਿਦਿਆਰਥੀਆਂ ਨੇ ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਫੰਡ ਦੀ ਸੁਚੱਜੀ ਵਰਤੋਂ ਕਰਨ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਨਵੇਂ ਵਿੱਦਿਅਕ ਸੈਸ਼ਨ ’ਚ ਮਨਮਰਜ਼ੀ ਕਰਨ ਵਾਲੇ ਪ੍ਰਾਈਵੇਟ ਸਕੂਲਾਂ ’ਤੇ ਸਿੱਖਿਆ ਵਿਭਾਗ ਨੇ ਕੱਸਿਆ ਸ਼ਿਕੰਜਾ
ਸੂਬਾ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਉਹ ਜਾਣਦੇ ਸਨ ਕਿ ਫੰਡਾਂ ਲਈ ਭੀਖ ਮੰਗਣਾ ਸਮੱਸਿਆ ਦਾ ਟਿਕਾਊ ਹੱਲ ਨਹੀਂ ਹੈ ਪਰ ਉਨ੍ਹਾਂ ਸਰਕਾਰ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਉਹ ਆਪਣੀ ਯੂਨੀਵਰਸਿਟੀ ਦਾ ਸਾਥ ਕਦੇ ਨਹੀਂ ਛੱਡਣਗੇ, ਭਾਵੇਂ ਸਰਕਾਰ ਜੋ ਮਰਜ਼ੀ ਕਰੇ। ਉਨ੍ਹਾਂ ਦੱਸਿਆ ਕਿ ਫੰਡਾਂ ਦੀ ਘਾਟ ਦਾ ਯੂਨੀਵਰਸਿਟੀ ’ਤੇ ਡੂੰਘਾ ਅਸਰ ਪਿਆ ਹੈ। ਨਤੀਜੇ ਵਜੋਂ ਯੂਨੀਵਰਸਿਟੀ ’ਚ ਵਿੱਦਿਅਕ ਸਰੋਤਾਂ ਸਕਾਲਰਸ਼ਿਪ, ਖੋਜ ਫੰਡਿੰਗ ਅਤੇ ਇੰਟਰਨਸ਼ਿਪ ਦੀ ਘਾਟ ਆਈ ਹੈ। ਇਸ ਕਰ ਕੇ ਵਿਦਿਆਰਥੀਆਂ ਲਈ ਉਪਲੱਬਧ ਮੌਕਿਆਂ ਨੂੰ ਵੀ ਸੀਮਤ ਹੋਏ ਹਨ। ਉਨ੍ਹਾਂ ਕਿਹਾ ਕਿ ਐੱਨ. ਐੱਸ. ਯੂ. ਆਈ. ਢੁਕਵੇਂ ਫੰਡਾਂ ਲਈ ਜ਼ੋਰਦਾਰ ਢੰਗ ਨਾਲ ਵਕਾਲਤ ਕਰਨਾ ਜਾਰੀ ਰੱਖੇਗੀ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਖੜ੍ਹੀ ਰਹੇਗੀ। ਅਸੀਂ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਾਂਗੇ ਕਿ ਸਾਡੀ ਯੂਨੀਵਰਸਿਟੀ ਵਿਸ਼ਵ ਪੱਧਰੀ ਸੰਸਥਾ ਬਣੀ ਰਹੇ, ਜੋ ਵਿਦਿਆਰਥੀਆਂ ਨੂੰ ਉਹ ਸਿੱਖਿਆ ਪ੍ਰਦਾਨ ਕਰਦੀ ਹੈ, ਜਿਸ ਦੇ ਉਹ ਹੱਕਦਾਰ ਹਨ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ’ਤੇ ਵਿੱਤੀ ਸੰਕਟ, ਐੱਨ. ਐੱਸ. ਯੂ. ਆਈ. ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।