ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਕੇਨੈਡਾ 'ਚ ਪੂਰੇ ਜਾਹੋ-ਜਲਾਲ ਨਾਲ ਸ਼ੁਰੂ

06/24/2017 7:45:48 PM

ਨਾਭਾ (ਜਗਨਾਰ) : ਅੱਜ ਕੇਨੈਡਾ ਦੇ ਸ਼ਹਿਰ ਟੋਰਾਂਟੋ ਵਿਖੇ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਪੂਰੇ ਜਾਹੋ-ਜਲਾਲ ਸ਼ੁਰੂ ਹੋ ਗਈ, ਜਿਸਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਮਨਜੀਤ ਸਿੰਘ ਜੇ.ਕੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਵੱਲੋਂ ਸਵਾਗਤੀ ਸ਼ਬਦ ਕਹੇ ਗਏ ਅਤੇ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਸਹਿਯੋਗੀ ਜਥੇਬੰਦੀਆਂ ਕਲਮ ਫਾਊਂਡੇਸ਼ਨ, ਓਟਾਂਰਿਓ ਫਰੈਂਡਜ਼ ਕਲੱਬ ਅਤੇ ਪੰਜਾਬੀ ਬਿਜ਼ਨੈੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਲਗਾਤਾਰ ਕਰਵਾਉਣ ਦਾ ਵਾਅਦਾ ਕੀਤਾ ਗਿਆ। ਉਦਘਾਟਨੀ ਸ਼ਬਦ ਕਹਿੰਦਿਆਂ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਸਰਬੱਤ ਦੇ ਭਲੇ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸਾਂਝੇ ਯਤਨਾਂ ਦੀ ਲੋੜ ਹੈ ਤੇ ਜ਼ੋਰ ਦਿੱਤਾ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਉਦਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਅੰਕ ਵਿਸ਼ਵ ਪੰਜਾਬੀ ਕਾਨਫਰੰਸ 2017 ਵੀ ਜਾਰੀ ਕੀਤਾ ਗਿਆ।
ਇਸ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਕੇਨੈਡਾ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ ਅਤੇ ਉਦਘਾਟਨ ਸ਼ੈਸਨ ਦੀ ਸ਼ੁਰੂਆਤ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕੀਤੀ, ਕੂਜੀਵਤ ਭਾਸ਼ਣ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਚੁਣੌਤੀਆਂ ਵਿਸ਼ੇ ਤਹਿਤ ਡਾ. ਦਲਜੀਤ ਸਿੰਘ ਸਾਬਕਾ ਵਾਇਸ ਚਾਂਸਲਰ ਵੱਲੋਂ ਨੈਤਿਕਤਾ ਪੰਜਾਬੀਆਂ ਵਿਚ ਵਿਸ਼ੇ ਤੇ ਕੂਜੀਵਤ ਭਾਸ਼ਣ ਨਾਲ ਅਰੰਭ ਕੀਤਾ ਗਿਆ। ਡਾ. ਦੀਪਕ ਮਨਮੋਹਣ ਸਿੰਘ ਵੱਲੋਂ ਪ੍ਰਧਾਨਗੀ ਭਾਸ਼ਣ ਵਿਚ ਕਾਨਫਰੰਸਾਂ ਦੀ ਸਾਰਥਿਕਤਾ ਬਾਰੇ ਗੱਲ ਕੀਤੀ ਗਈ ਅਤੇ ਅਰਵਿੰਦਰ ਢਿੱਲੋਂ ਨੇ ਕਿਹਾ ਕਿ ਪਜਾਬੀ ਨੂੰ ਸੀਮਤਤਾ ਨਾਲ ਵੇਖਣ ਦੀ ਲੋੜ ਨਹੀਂ ਹੈ ਤੇ ਕਾਨਫਰੰਸ ਦੀ ਸਫਲਤਾ ਲਈ ਆਉਣ ਵਾਲੇ ਸਮੇਂ ਵਿਚ ਬਹਿਸ ਜਾਰੀ ਰੱਖਣ ਦੀ ਲੋੜ ਹੈ।
ਚੇਅਰਮੈਨ ਅਜੈਬ ਸਿੰਘ ਚੱਠਾ ਵੱਲੋਂ ਇਸ ਮੌਕੇ ਕਾਨਫਰੰਸ ਦੀ ਨਿਰੰਤਰਤਾ ਕਾਇਮ ਰੱਖਣ ਅਤੇ ਪੰਜਾਬੀ ਦੇ ਵਿਕਾਸ ਦੀ ਗੱਲ ਕੀਤੀ ਗਈ। ਪਹਿਲੇ ਟੈਕਨੀਕਲ ਸ਼ੈਸਨ ਵਿਚ ਨੈਤਿਕਤਾ ਪੰਜਾਬੀ ਵਿਸ਼ੇ ਤੇ ਡਾ. ਪਰਮਜੀਤ ਸਿੰਘ ਸਰੋਆ, ਕੁਲਦੀਪ ਸਿੰਘ ਕੁਰਕਸ਼ੇਤਰ, ਵਿਨਾਕਸ਼ੀ ਸ਼ਰਮਾ, ਅਜੈਬ ਸਿੰਘ ਸੰਘਾ, ਨਵਰੂਪ ਕੌਰ, ਅਫਜਲ ਰਾਜ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਵਿੱਕ ਢਿੱਲੋਂ ਐਮ.ਪੀ.ਪੀ. ਨੇ ਓਟਾਂਰਿਓ ਦੇ ਮੁੱਖ ਮੰਤਰੀ ਦਾ ਮੈਸੇਜ ਪਹੁੰਚਾਇਆ ਅਤੇ ਹਰਿੰਦਰ ਮੱਲੀ ਐਮ.ਪੀ.ਪੀ. ਤੋਂ ਇਲਾਵਾ ਗੁਰਪ੍ਰੀਤ ਸਿੰਘ ਢਿੱਲੋਂ ਸਿਟੀ ਕੌਸਲਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸ. ਗਿਆਨ ਸਿੰਘ ਕੰਗ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਨਫਰੰਸ ਵਿਚ ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਧਿਆੜਾ, ਰਮਨੀ ਬੱਤਰਾ, ਬਲਵਿੰਦਰ ਕੌਰ ਚੱਠਾ ਡਾ. ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।


Related News