ਵਾਤਾਵਰਣ ਦਿਵਸ 'ਤੇ ਵਿਸ਼ੇਸ਼ : ਰੁੱਖਾਂ ਤੋਂ ਟੁੱਟੀਆਂ ਮੋਹ ਦੀਆਂ ਤੰਦਾਂ ਦਾ ਖ਼ਮਿਆਜ਼ਾ ਭੁਗਤੇਗੀ ਮਨੁੱਖਤਾ

06/05/2020 5:55:38 PM

ਸਮਰਾਲਾ (ਗਰਗ, ਬੰਗੜ) : ਵਾਤਾਵਰਣ ਦਾ ਫ਼ਿਕਰ ਦਿਖਾ ਕੇ ਬੂਟੇ ਲਗਾਉਣ ਦੀਆਂ ਖ਼ਬਰਾਂ ਭਾਵੇਂ ਹਰ ਰੋਜ਼ ਅਖ਼ਬਾਰਾਂ 'ਚ ਛਪਦੀਆਂ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਾਡੀਆਂ ਰੁੱਖਾਂ ਤੋਂ ਮੋਹ ਦੀਆਂ ਤੰਦਾਂ ਟੁੱਟ ਚੁੱਕੀਆਂ ਹਨ, ਜਿਸ ਦਾ ਖਾਮਿਆਜ਼ਾ ਸਮੁੱਚੀ ਸ੍ਰਿਸ਼ਟੀ ਨੂੰ ਭੁਗਤਣਾ ਪੈ ਰਿਹਾ ਹੈ। ਵਿਕਾਸ ਦੇ ਨਾਂ 'ਤੇ ਸੜਕਾਂ ਦੇ ਕਿਨਾਰਿਆਂ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਹਰੇ-ਭਰੇ ਸੰਘਣੇ ਠੰਢੀਆਂ ਛਾਵਾਂ ਵੰਡਣ ਵਾਲ਼ੇ ਦਰੱਖ਼ਤ ਬਲੀ ਚੜ੍ਹਦੇ ਜਾ ਰਹੇ ਹਨ। ਨਵੀਆਂ ਬਣੀਆਂ ਸੜਕਾਂ ਦੇ ਕੰਢੇ ਹੁਣ ਰੇਗਿਸਤਾਨ ਦਾ ਭੁਲੇਖਾ ਪਾਉਣ ਲੱਗੇ ਹਨ। ਦੇਸ਼ ਭਰ 'ਚ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਬਣਾਏ ਜਾ ਰਹੇ ਨਵੇਂ ਮਾਰਗਾਂ ਨੇ ਪੰਜਾਬ ਦੀ ਧਰਤੀ ਤੋਂ ਹਰਿਆਵਲ ਦਾ ਬਹੁਤ ਵੱਡਾ ਹਿੱਸਾ ਉਜਾੜ ਕੇ ਰੱਖ ਦਿੱਤਾ ਹੈ। ਐਨਾ ਹੀ ਨਹੀਂ, ਖੇਤਾਂ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਫੂਕਣ ਦੇ ਨਾਂਅ ਹੇਠ ਲੱਗਦੀਆਂ ਅੱਗਾਂ ਵੀ ਹਰੇ-ਭਰੇ ਦਰੱਖ਼ਤਾਂ ਨੂੰ ਸਾੜਦੀਆਂ ਜਾ ਰਹੀਆਂ ਹਨ। ਹਾਲਾਤ ਇਸ ਤਰ੍ਹਾਂ ਬਣ ਚੁੱਕੇ ਹਨ ਕਿ ਸੜਕਾਂ ਦੇ ਕੰਢੇ ਦਰੱਖ਼ਤਾਂ ਪੱਖੋਂ ਰਿੰਡ-ਪੁੰਡ ਹੋ ਕੇ ਰਹਿ ਚੁੱਕੇ ਹਨ ਕਿਉਂਕਿ ਖੇਤਾਂ 'ਚ ਲੱਗਦੀਆਂ ਅੱਗਾਂ ਨੇ ਇੱਥੇ ਖੜ੍ਹੇ ਦਰੱਖ਼ਤਾਂ ਨੂੰ ਸਾੜ ਕੇ ਰੱਖ ਦਿੱਤਾ ਹੈ ਅਤੇ ਨਵੇਂ ਲਗਾਏ ਜਾ ਰਹੇ ਦਰੱਖ਼ਤ ਪੈਦਾ ਹੀ ਨਹੀਂ ਹੋਣ ਦਿੱਤੇ ਜਾ ਰਹੇ। ਅਫ਼ਸੋਸ ਦੀ ਗੱਲ ਇਹ ਹੈ ਕਿ ਜੰਗਲਾਤ ਵਿਭਾਗ ਵੱਲੋਂ ਅਜਿਹੇ ਹਾਲਾਤਾਂ 'ਤੇ ਕਾਰਵਾਈ ਕਰਨ ਦੀ ਥਾਂ ਅੱਖਾਂ ਮੀਟ ਲਈਆਂ ਜਾਂਦੀਆਂ ਹਨ।

ਵਿੱਦਿਅਕ ਸੰਸਥਾਵਾਂ ਪਹਿਲਕਦਮੀ ਕਰਨ : ਸੈਣੀ
ਬਲੂਮਿੰਗ ਬਡਜ਼ ਸੰਸਥਾਵਾਂ ਮੋਗਾ ਦੇ ਮੁਖੀ ਸੰਜੀਵ ਕੁਮਾਰ ਸੈਣੀ ਦਾ ਕਹਿਣਾ ਹੈ ਕਿ ਵਾਤਾਵਰਨ ਦੀ ਰੱਖਿਆ ਲਈ ਵਿੱਦਿਅਕ ਸੰਸਥਾਵਾਂ ਪਹਿਲਕਦਮੀ ਕਰਨ। ਵਿਦਿਆਰਥੀ ਵਰਗ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਦੇ ਹੱਥੀਂ ਬੂਟੇ ਲਗਾਉਣ ਦਾ ਕਾਰਜ ਸਿਰੇ ਚਾੜ੍ਹਨ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ, ਪਾਣੀ ਜ਼ਹਿਰੀ ਹੋ ਰਹੇ ਨੇ ਅਤੇ ਧਰਤੀ ਨੂੰ ਅਗਨ ਹਵਾਲੇ ਕਰਕੇ ਬੰਜਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

PunjabKesari

ਦਰੱਖ਼ਤਾਂ ਦੀ ਸਾਂਭ ਸੰਭਾਲ ਲਈ ਸਰਕਾਰ ਸਖ਼ਤ ਹੋਵੇ: ਬੇਦੀ
ਹੁਣ ਤੱਕ 97 ਹਜ਼ਾਰ ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ਦਾ ਜਿੰਮਾ ਸੰਭਾਲ ਰਹੀ ਸੰਸਥਾ ਹਾਕੀ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਜਿੰਨੇ ਬੂਟੇ ਪੰਜਾਬ ਦੀ ਧਰਤੀ 'ਤੇ ਲਗਾਏ ਜਾਂਦੇ ਹਨ, ਉਨ੍ਹਾਂ ਦਾ ਵੱਡਾ ਹਿੱਸਾ ਪਲਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ। ਕਿਤੇ ਅੱਗ ਦੀ ਭੇਟ ਤੇ ਕਿਤੇ ਅਵਾਰਾ ਪਸ਼ੂ ਜਾਂ ਫ਼ਿਰ ਪਸ਼ੂਆਂ ਨੂੰ ਖੁੱਲ੍ਹੇ ਛੱਡ ਕੇ ਪਾਲਣ ਵਾਲ਼ੇ ਲੋਕਾਂ ਦੀ ਭੇਂਟ ਚੜ੍ਹ ਜਾਂਦੇ ਹਨ। ਇਸ ਲਈ ਸਰਕਾਰ ਦਰੱਖ਼ਤਾਂ ਦੀ ਰੱਖਿਆ ਲਈ ਬਣੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰੇ। ਇਹ ਵੀ ਕਾਨੂੰਨ ਲਾਗੂ ਹੋਵੇ ਕਿ ਵਿਕਾਸ ਦੇ ਨਾਂਅ 'ਤੇ ਕੱਟੇ ਜਾਂਦੇ ਦਰੱਖ਼ਤਾਂ ਦੇ ਬਦਲੇ ਘੱਟੋ ਘੱਟ ਉਨੇ ਹੀ ਦਰੱਖ਼ਤ ਯਕੀਨੀ ਤੌਰ 'ਤੇ ਲਗਾਏ ਜਾਣ। 

ਮਨੁੱਖ ਦਰੱਖ਼ਤਾਂ ਲਈ ਫ਼ਿਕਰਮੰਦ ਬਣੇ : ਪ੍ਰਿੰ. ਕਮਲਜੀਤ ਕੌਰ
ਉੱਘੇ ਵਾਤਾਵਰਨ ਪ੍ਰੇਮੀ ਅਤੇ ਇਲਾਕੇ 'ਚ ਹਰਿਆਵਲ ਲਹਿਰ ਪੈਦਾ ਕਰਨ 'ਚ ਮੋਹਰੀ ਭੂਮਿਕਾ ਨਿਭਾ ਰਹੇ ਪ੍ਰਿੰ. ਕਮਲਜੀਤ ਕੌਰ ਦਾ ਕਹਿਣਾ ਹੈ ਕਿ ਵਾਤਾਵਰਨ ਦੀ ਭਲਾਈ ਲਈ ਮਨੁੱਖ ਸਭ ਤੋਂ ਪਹਿਲਾਂ ਦਰੱਖ਼ਤਾਂ ਲਈ ਫ਼ਿਕਰਮੰਦ ਹੋਵੇ। ਜੇਕਰ ਧਰਤੀ ਉੱਪਰ ਦਰੱਖ਼ਤਾਂ ਦੀ ਹਰਿਆਵਲ ਬਰਕਰਾਰ ਹੈ ਤਾਂ ਹੀ ਮਨੁੱਖ ਦੀ ਸਿਹਤ ਚੜ੍ਹਦੀ ਕਲਾ ਵਿਚ ਰਹਿ ਸਕਦੀ ਹੈ। ਪੰਛੀਆਂ ਦਾ ਚਹਿਕਣਾ, ਮੀਂਹਾਂ ਦਾ ਬਰਸਣਾ ਅਤੇ ਤਾਪਮਾਨ ਦਾ ਅਨੁਕੂਲ ਰਹਿਣਾ ਇਸੇ ਗੱਲ ਨਾਲ ਜੁੜਿਆ ਹੋਇਆ ਹੈ। ਇਸ ਲਈ ਸਾਡਾ ਸਾਰਿਆਂ ਦਾ ਇਖ਼ਲਾਕੀ ਫਰਜ਼ ਬਣਦਾ ਹੈ ਕਿ ਦਰੱਖਤਾਂ ਨੂੰ ਲਗਾ ਕੇ ਉਨ੍ਹਾਂ ਨੂੰ ਪੁਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਪਾਲਿਆ ਜਾਵੇ।
 


Anuradha

Content Editor

Related News