ਵਿਸ਼ਵ ਕੈਂਸਰ ਦਿਵਸ : ਕਈ ਵੱਸਦੇ ਘਰਾਂ ਨੂੰ ਉਜਾੜ ਚੁੱਕੈ ''ਬੁੱਢਾ ਨਾਲਾ''
Tuesday, Feb 04, 2020 - 04:32 PM (IST)
ਲੁਧਿਆਣਾ (ਨਰਿੰਦਰ) : 'ਵਿਸ਼ਵ ਕੈਂਸਰ ਦਿਵਸ' 'ਤੇ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਜ਼ਮੀਨੀ ਪੱਧਰ 'ਤੇ ਹਕੀਕਤ ਕੁੱਝ ਹੋਰ ਹੀ ਹੈ ਕਿਉਂਕਿ ਇੱਥੋਂ ਦਾ ਬੁੱਢਾ ਨਾਲਾ ਕੈਂਸਰ ਵਰਗੀ ਭਿਆਨਕ ਬੀਮਾਰੀ ਕਾਰਨ ਕਈ ਵੱਸਦੇ ਘਰਾਂ ਨੂੰ ਉਜਾੜ ਚੁੱਕਾ ਹੈ, ਜਿਨ੍ਹਾਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਉਮੀਦ ਦੀ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ। ਕੁਝ ਇਸ ਤਰ੍ਹਾਂ ਦੀ ਹੀ ਕਹਾਣੀ ਬੁੱਢੇ ਨਾਲੇ ਕੰਢੇ ਸਥਿਤ ਚੰਦਰ ਨਗਰ ਦੇ ਰਹਿਣ ਵਾਲੇ ਗੁਰਮੁਖ ਸਿੰਘ ਦੇ ਪਰਿਵਾਰ ਦੀ ਹੈ, ਜੋ ਕਿ ਸਾਲ 2019 'ਚ ਭਿਆਨਕ ਕੈਂਸਰ ਦੀ ਬੀਮਾਰੀ ਕਾਰਨ ਆਪਣੀ ਜਾਨ ਗੁਆ ਚੁੱਕਾ ਹੈ। ਗੁਰਮੁਖ ਦੀ ਬੀਮਾਰੀ ਦੇ ਇਲਾਜ 'ਚ ਪਰਿਵਾਰ ਦਾ ਸਭ ਕੁਝ ਵਿਕ ਚੁੱਕਾ ਹੈ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ।
ਗੁਰਮੁਖ ਦੇ ਇਲਾਜ 'ਚ ਲੱਗਾ 14 ਲੱਖ ਰੁਪਿਆ
ਗੁਰਮੁਖ ਸਿੰਘ ਕੈਂਸਰ ਤੋਂ ਪੀੜਤ ਸੀ ਅਤੇ ਲੱਖਾਂ ਰੁਪਿਆ ਲਾਉਣ ਦੇ ਬਾਵਜੂਦ ਵੀ ਪਰਿਵਾਰ ਉਸ ਦੀ ਜਾਨ ਨਹੀਂ ਬਚਾ ਸਕਿਆ। ਗੁਰਮੁਖ ਸਿੰਘ ਦੇ ਤਿੰਨ ਬੱਚੇ ਹਨ। ਉਸ ਦੀ ਪਤਨੀ ਦਾ ਕਹਿਣਾ ਹੈ ਕਿ ਗੁਰਮੁਖ ਦੇ ਇਲਾਜ 'ਚ ਉਨ੍ਹਾਂ ਦਾ 14 ਲੱਖ ਰੁਪਿਆ ਲੱਗ ਚੁੱਕਿਆ ਹੈ ਅਤੇ ਇਸ ਸਮੇਂ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਗੁਰਮੁਖ ਸਿੰਘ ਗੱਡੀ ਚਲਾਉਂਦਾ ਸੀ ਪਰ ਉਸ ਦੀ ਬੀਮਾਰੀ ਦੌਰਾਨ ਦੋਵੇਂ ਗੱਡੀਆਂ ਵੀ ਵਿਕ ਗਈਆਂ। ਗੁਰਮੁਖ ਦੇ ਪਰਿਵਾਰ ਨੂੰ ਕਿਰਾਏ ਦੇ ਮਕਾਨ 'ਚੋਂ 6000 ਰੁਪਿਆ ਪ੍ਰਤੀ ਮਹੀਨਾ ਆਉਂਦਾ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ।
ਧੀ ਨੂੰ ਟੀਚਰ ਬਣਾਉਣਾ ਚਾਹੁੰਦਾ ਸੀ 'ਗੁਰਮੁਖ'
ਗੁਰਮੁਖ ਸਿੰਘ ਦੀ ਇਕ ਧੀ ਵਿਆਹੀ ਜਾ ਚੁੱਕੀ ਹੈ, ਜਦੋਂ ਕਿ ਦੂਜੀ ਗ੍ਰੇਜੂਏਸ਼ਨ ਕਰ ਰਹੀ ਹੈ ਅਤੇ ਬੇਟਾ ਦਸਵੀਂ ਜਮਾਤ 'ਚ ਪੜ੍ਹਦਾ ਹੈ। ਗੁਰਮੁਖ ਸਿੰਘ ਦੀ ਬੇਟੀ ਨੇ ਦੱਸਿਆ ਕਿ ਉਸ ਦੇ ਪਾਪਾ ਦਾ ਸੁਪਨਾ ਸੀ ਕਿ ਉਹ ਉਸ ਨੂੰ ਪੜ੍ਹਾ ਕੇ ਅਧਿਆਪਕਾ ਬਣਾਉਣਗੇ ਪਰ ਹੁਣ ਘਰ ਦਾ ਸਿਸਟਮ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ ਅਤੇ ਖਰਚਾ ਚਲਾਉਣਾ ਵੀ ਔਖਾ ਹੋ ਗਿਆ ਹੈ।
ਬੁੱਢਾ ਨਾਲਾ ਲੈ ਚੁੱਕੇ ਕਈ ਜਾਨਾਂ
ਗੁਰਮੁਖ ਸਿੰਘ ਦੇ ਜਵਾਈ ਨੇ ਦੱਸਿਆ ਕਿ ਉਸ ਦਾ ਸਹੁਰਾ ਇਕੱਲਾ ਹੀ ਘਰ 'ਚ ਕਮਾਉਣ ਵਾਲਾ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੂਜੇ ਪਾਸੇ ਸਮਾਜ ਸੇਵੀ ਅਤੇ ਆਰ. ਟੀ. ਆਈ. ਐਕਟੀਵਿਸਟ ਕੀਮੀਤ ਰਾਵਲ ਨੇ ਦੱਸਿਆ ਕਿ ਬੁੱਢੇ ਨਾਲੇ ਕਰਕੇ ਸਿਰਫ ਗੁਰਮੁਖ ਸਿੰਘ ਹੀ ਨਹੀਂ, ਸਗੋਂ ਕਈ ਲੋਕ ਇਲਾਕੇ 'ਚ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕੁਝ ਮੌਤ ਦੀ ਕਗਾਰ 'ਤੇ ਹਨ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।