ਪੂਰੀ ਦੁਨੀਆਂ ’ਚ ਨਾਂ ਰੌਸ਼ਨ ਕਰ ਰਹੀਆਂ ਨੇ ਤਰਨਤਾਰਨ ਜ਼ਿਲ੍ਹੇ ਤੋਂ ਟ੍ਰੇਨਿੰਗ ਲੈਣ ਵਾਲੀਆਂ ਹਾਕੀ ਦੀਆਂ 4 ਖਿਡਾਰਨਾਂ
Monday, Jan 25, 2021 - 01:20 PM (IST)
ਤਰਨਤਾਰਨ (ਰਮਨ ਚਾਵਲਾ) - ਸਮੁੱਚੇ ਦੇਸ਼ ਭਰ ’ਚ 24 ਜਨਵਰੀ ਵਾਲੇ ਦਿਨ ਨੂੰ ਰਾਸ਼ਟਰੀ ਕੰਨਿਆ ਬਾਲ ਦਿਹਾੜੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜ਼ਿਲ੍ਹੇ ਅੰਦਰ 21 ਤੋਂ 26 ਜਨਵਰੀ ਤੱਕ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਕਰਵਾਉਂਦੇ ਹੋਏ ਕਰੀਬ 4200 ਨਵ-ਜਨਮੀਆਂ ਬੱਚੀਆਂ ਦੇ ਮਾਪਿਆਂ ਨੂੰ ਜਿੱਥੇ ਧੀ ਵਧਾਈ ਪੱਤਰ ਦਿੱਤੇ ਜਾਣਗੇ, ਉੱਥੇ ਉਨ੍ਹਾਂ ਨੂੰ ਬੇਬੀ ਕਿੱਟਾਂ, ਗਰਮ ਕੰਬਲ ਅਤੇ ਨਵੇਂ ਸੂਟ ਦੇ ਉਨ੍ਹਾਂ ਦਾ ਸਨਮਾਨ ਡਿਪਟੀ ਕਮਿਸ਼ਨਰ ਵਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਚਾਰ ਹਾਕੀ ਦੀਆਂ ਖਿਡਾਰਨਾਂ ਦੇਸ਼ਾਂ ਵਿਦੇਸ਼ਾਂ ’ਚ ਨਾਮ ਰੌਸ਼ਨ ਕਰਦੇ ਹੋਏ, ਜਿੱਥੇ ਗੋਲਡ ਮੈਡਲ ਜਿੱਤ ਚੁੱਕੀਆਂ ਹਨ, ਉੱਥੇ ਇਹ ਚਾਰੇ ਖਿਡਾਰਨਾਂ ਇੰਡੀਆ ਹਾਕੀ ਟੀਮ ਲਈ ਹਾਲ ’ਚ ਹੀ ਚੁਣੀਆਂ ਗਈਆਂ ਹਨ।
ਜਾਣਕਾਰੀ ਦਿੰਦੇ ਹੋਏ ਹਾਕੀ ਦੇ ਇੰਟਰਨੈਸ਼ਨਲ ਖਿਡਾਰੀ ਅਤੇ ਜ਼ਿਲ੍ਹੇ ਦੇ ਐੱਸ. ਪੀ (ਟ੍ਰੈਫਿਕ) ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ ਵਸਨੀਕ ਖਿਡਾਰਨ ਬਲਜੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ’ਚ ਪੜ੍ਹਾਈ ਕੀਤੀ। ਪੜ੍ਹਾਈ ਦੌਰਾਨ ਕੋਚ ਸ਼ਰਨਜੀਤ ਸਿੰਘ ਅਤੇ ਦਵਿੰਦਰ ਸਿੰਘ ਵਲੋਂ ਟ੍ਰੇਨਿੰਗ ਲੈਣ ਉਪਰੰਤ ਉਸ ਨੇ 2018 ’ਚ ਬੈਂਕਾਕ ਅਤੇ ਅਰਜੈਨਟੀਨਾਂ ’ਚ ਹੋਈਆਂ ਯੂਥ ਉਲੰਪਿਕ ਖੇਡਾਂ ਦੌਰਾਨ ਸਿਲਵਰ ਮੈਡਲ, ਆਇਰਲੈਂਡ ਅਤੇ ਬੈਲੋਅਰਸ ’ਚ 2019 ਦੌਰਾਨ ਗੋਲਡ, ਆਸਟ੍ਰੇਲੀਆ ’ਚ 2019 ਦੌਰਾਨ ਤੀਸਰੇ ਟੂਰਨਾਮੈਂਟ ’ਚ ਗੋਲਡ, ਟੈਸਟ ਸੀਰੀਜ਼ ਲਖਨਊ ’ਚ ਗੋਲਡ ਹਾਸਲ ਕੀਤਾ। ਇਸ ਵੇਲੇ ਸਾਊਥ ਅਮਰੀਕਾ ਦੇ ਚਿਲੀ ਦੇਸ਼ ’ਚ ਇੰਡੀਆ ਨਾਲ ਹੋ ਰਹੀ ਟੈਸਟ ਸੀਰੀਜ਼ ਜੋ 8 ਤੋਂ 26 ਜਨਵਰੀ ਤੱਕ ਜਾਰੀ ਰਹੇਗੀ, ’ਚ ਭਾਗ ਲੈ ਰਹੀ ਹੈ।
ਐੱਸ. ਪੀ. ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸੇ ਤਰ੍ਹਾਂ ਉਕਤ ਸਕੂਲ ਤੋਂ ਟ੍ਰੇਨਿੰਗ ਲੈਣ ਅਤੇ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਖਿਡਾਰਨ ਰਸ਼ਨਪ੍ਰੀਤ ਕੌਰ ਪੁੱਤਰ ਸਤਿੰਦਰ ਸਿੰਘ ਚਿਲੀ ਦੇਸ਼ ’ਚ ਟੈਸਟ ਸੀਰੀਜ਼ ਖੇਡਦੀ ਹੋਈ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਪਿੰਡ ਮੁੱਗਲਚੱਕ ਦੀ ਨਿਵਾਸੀ ਰਾਜਵਿੰਦਰ ਕੌਰ ਨੇ ਥਾਈਲੈਂਡ ਵਿਖੇ ਅੰਡਰ 18 ਜੂਨੀਅਰ ਏਸ਼ੀਆ ਕੱਪ 2016 ਦੌਰਾਨ ਬਰੌਂਜ ਮੈਡਲ ਹਾਸਲ ਕੀਤਾ ਸੀ। ਇਸ ਵੇਲੇ ਉਹ ਅਰਜਨਟੀਨਾ ਲਈ ਸੀਨੀਅਰ ਟੀਮ ਦੇ ਨਾਲ 4 ਤੋਂ 31 ਜਨਵਰੀ ਤੱਕ ਦੇਸ਼ ਲਰੀ ਖੇਡ ਰਹੀ ਹੈ।
ਐੱਸ. ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਗੁਰਜੀਤ ਕੌਰ ਨੇ ਤਰਨਤਾਰਨ ਦੇ ਉਕਤ ਸਕੂਲ ਤੋਂ ਟ੍ਰੇਨਿੰਗ ਹਾਸਲ ਕਰਦੇ ਹੋਏ 2016 ਦੌਰਾਨ ਗੁਹਾਟੀ ਅੰਦਰ ਹੋਈ ਸਾਊਥ ਏਸ਼ੀਆ ਖੇਡਾਂ ’ਚ ਗੋਲਡ, 2017 ’ਚ ਜਪਾਨ ਅੰਦਰ ਹੋਏ ਨੌਵੇਂ ਵੂਮੈਨ ਏਸ਼ੀਆ ਕੱਪ ਦੌਰਾਨ ਗੋਲਡ, 2018 ’ਚ ਆਸਟ੍ਰੇਲੀਆ ਅੰਦਰ ਹੋਈ ਕਾਮਨਵੈਲਥ ਖੇਡਾਂ ’ਚ ਚੌਥਾ ਸਥਾਨ, 2018 ਦੌਰਾਨ ਲੰਡਨ ਅੰਦਰ ਹੋਈ ਵਰਲਡ ਕੱਪ ’ਚ 5ਵਾਂ ਸਥਾਨ, 2018 ਦੌਰਾਨ ਇੰਡੋਨੇਸ਼ੀਆ ਅੰਦਰ ਹੋਈ 18ਵੀਂ ਏਸ਼ੀਅਨ ਖੇਡਾਂ ’ਚ ਸਿਲਵਰ ਮੈਡਲ, 2019 ਦੌਰਾਨ ਭਾਰਤ ਅੰਦਰ ਉਲੰਪਿਕ ਖੇਡਾਂ ’ਚ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਐੈੱਸ.ਪੀ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਚਾਰੇ ਖਿਡਾਰਨਾਂ ਦੇਸ਼ ਦੀ ਹਾਕੀ ਟੀਮ ਲਈ ਹਾਲ ’ਚ ਚੁਣੀਆਂ ਗਈਆਂ ਹਨ, ਜੋ ਜ਼ਿਲ੍ਹੇ ਲਈ ਬੜੇ ਮਾਣ ਵਾਲੀ ਗੱਲ ਹੈ।