ਪੰਜਾਬ ਭਰ ''ਚ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ, ਹਮਾਇਤ ''ਚ ਉਤਰੀ ''ਆਪ''
Saturday, Jun 12, 2021 - 01:33 PM (IST)
ਸਮਰਾਲਾ (ਗਰਗ ) : ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮਹੀਨੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਬੈਠੇ ਸੂਬੇ ਦੇ ਸਫਾਈ ਸੇਵਕਾਂ ਦੀ ਹਮਾਇਤ ਵਿੱਚ ਅੱਜ ਆਮ ਆਦਮੀ ਪਾਰਟੀ ਵੀ ਆ ਗਈ। ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਫ਼ਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਕਾਂਗਰਸ ਨੂੰ ਇਸ ਦਾ ਭਾਰੀ ਖਮਿਆਜ਼ਾ ਝੱਲਣਾ ਪਵੇਗਾ।
ਅੱਜ ਇੱਥੇ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਗਜੀਵਨ ਸਿੰਘ ਖੀਰਨੀਆਂ ਨੇ ਆਖਿਆ ਕਿ ਬਹੁਤ ਮਾਮੂਲੀ ਤਨਖ਼ਾਹਾਂ ਤੇ ਕਈ-ਕਈ ਸਾਲਾਂ ਤੋਂ ਕੱਚੇ ਮੁਲਾਜ਼ਮ ਦੇ ਤੌਰ 'ਤੇ ਕੰਮ ਕਰ ਰਹੇ ਇਹ ਸਫ਼ਾਈ ਸੇਵਕ ਢੁੱਕਵੀਂ ਤਨਖ਼ਾਹ ਅਤੇ ਪੱਕੀ ਨੌਕਰੀ ਦੀ ਮੰਗ ਕਰ ਰਹੇ ਹਨ ਪਰ ਕੈਪਟਨ ਸਰਕਾਰ ਇਨ੍ਹਾਂ ਸਫ਼ਾਈ ਸੇਵਕਾਂ ਨਾਲ ਵਾਰ-ਵਾਰ ਵਾਅਦੇ ਕਰਕੇ ਵੀ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਸ. ਖੀਰਨੀਆਂ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਵੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਹ ਸਫ਼ਾਈ ਸੇਵਕ ਕੰਮ ਕਰਦੇ ਰਹੇ। ਇਨ੍ਹਾਂ ਸਫ਼ਾਈ ਸੇਵਕਾਂ ਨੂੰ ਆਪਣੇ ਪਰਿਵਾਰ ਪਾਲਣ ਲਈ ਇਕ ਦਿਹਾੜੀਦਾਰ ਤੋਂ ਵੀ ਘੱਟ ਤਨਖ਼ਾਹ 'ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਲਈ ਪੱਕੀ ਨੌਕਰੀ ਅਤੇ ਘੱਟੋ-ਘੱਟ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੀ ਮੰਗ ਸਰਕਾਰ ਨੂੰ ਤੁਰੰਤ ਮੰਨਦੇ ਹੋਏ ਪੰਜਾਬ ਭਰ ਵਿੱਚ ਚੱਲ ਰਹੀ ਸਫ਼ਾਈ ਸੇਵਕਾਂ ਦੀ ਇਸ ਹੜਤਾਲ ਨੂੰ ਤੁਰੰਤ ਖ਼ਤਮ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਆਪ ਪਾਰਟੀ ਸਫ਼ਾਈ ਸੇਵਕਾਂ ਦੇ ਹਰ ਸੰਘਰਸ਼ ਵਿੱਚ ਸਾਥ ਦਿੰਦੇ ਹੋਏ ਇਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਵਿੱਚ ਸ਼ਮੂਲੀਅਤ ਕਰਦੀ ਰਹੇਗੀ। ਇਸ ਮੌਕੇ ਆਪ ਆਗੂ ਕਸ਼ਮੀਰੀ ਲਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੰਗਤ ਰਾਏ, ਹਰਪ੍ਰੀਤ ਸਿੰਘ ਬਾਲਿਓਂ, ਨੀਰਜ ਸਿਹਾਲਾ, ਹਰਦੀਪ ਸਿੰਘ ਸਮੇਤ ਕਈ ਹੋਰ ਵਰਕਰ ਅਤੇ ਆਗੂ ਹਾਜ਼ਰ ਸਨ।