ਵਰਕਰਾਂ ਵੱਲੋਂ ਥਰਮਲ ਦੇ ਮੇਨ ਗੇਟ ''ਤੇ ਰੋਸ ਰੈਲੀ

Thursday, Aug 24, 2017 - 01:50 AM (IST)

ਵਰਕਰਾਂ ਵੱਲੋਂ ਥਰਮਲ ਦੇ ਮੇਨ ਗੇਟ ''ਤੇ ਰੋਸ ਰੈਲੀ

ਘਨੌਲੀ,  (ਸ਼ਰਮਾ)-  ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਅੱਜ ਆਰ. ਟੀ. ਪੀ. ਇੰਪ. ਯੂਨੀਅਨ ਤੇ ਵਰਕਰ ਫੈੱਡਰੇਸ਼ਨ ਇੰਟਕ ਵੱਲੋਂ ਥਰਮਲ ਦੇ ਮੇਨ ਗੇਟ 'ਤੇ ਰੋਸ ਰੈਲੀ ਕੀਤੀ ਗਈ।
ਰੈਲੀ ਮੌਕੇ ਸੰਬੋਧਨ ਕਰਦੇ ਹੋਏ ਜੁਆਇੰਟ ਫੋਰਮ ਦੇ ਮੈਂਬਰ ਅਤੇ ਆਰ.ਟੀ.ਪੀ. ਇੰਪ. ਯੂਨੀਅਨ ਦੇ ਪ੍ਰਧਾਨ ਕੰਵਲਜੀਤ ਸਿੰਘ, ਸੁਖਦੇਵ ਸਿੰਘ ਆਦਿ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਠਿੰਡਾ ਥਰਮਲ ਸਟੇਜ 1 ਤੇ ਰੂਪਨਗਰ ਥਰਮਲ ਦੀ ਸਟੇਜ 1 ਨੂੰ ਪੱਕੇ ਤੌਰ 'ਤੇ ਡਿਸਮੈਂਟਲ/ਬੰਦ ਕਰਨ ਦੀਆਂ ਵਿਉਂਤਾਂ ਚੱਲ ਰਹੀਆਂ ਹਨ। ਜੋ ਜ਼ਮੀਨਾਂ ਪਬਲਿਕ ਅਦਾਰੇ ਬਣਾਉਣ ਲਈ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਖਰੀਦੀਆਂ ਸਨ, ਉਨ੍ਹਾਂ ਨੂੰ ਸਰਮਾਏਦਾਰ ਘਰਾਣਿਆਂ ਨੂੰ ਵੇਚਣ ਜਾ ਰਹੀ ਹੈ।
ਜੇਕਰ ਇਸੇ ਤਰ੍ਹਾਂ ਪੰਜਾਬ ਸਰਕਾਰ ਜਾਂ ਪਾਵਰਕਾਮ ਦੀ ਮੈਨੇਜਮੈਂਟ ਨੇ ਕੀਤਾ ਤਾਂ ਪੀ.ਐੱਸ.ਈ.ਬੀ. ਇੰਪ. ਜੁਆਇੰਟ ਫੋਰਮ ਵੱਡੇ ਪੱਧਰ 'ਤੇ ਸੰਘਰਸ਼ ਕਰੇਗੀ। ਮੈਨੇਜਮੈਂਟ ਵੱਲੋਂ ਇਸ ਤਰ੍ਹਾਂ ਦੀ ਵਿਉਂਤਬੰਦੀ ਬਣਾਉਣ ਨਾਲ ਲੋਕਾਂ ਨੂੰ ਮਹਿੰਗੇ ਭਾਅ 'ਤੇ ਬਿਜਲੀ ਮਿਲੇਗੀ ਤੇ ਆਰਥਿਕ ਭਾਰ ਵੀ ਵਧੇਗਾ, ਜਦਕਿ ਵੱਡੇ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਖੁੱਸ ਜਾਣਗੇ। ਪਾਵਰਕਾਮ ਦੀ ਮੈਨੇਜਮੈਂਟ ਨੇ ਜੁਆਇੰਟ ਫੋਰਮ ਨੂੰ ਭਰੋਸਾ ਦਿੱਤਾ ਸੀ ਕਿ 25 ਅਗਸਤ ਤੱਕ ਮੰਨੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਜੇਕਰ ਮੰਗਾਂ ਲਾਗੂ ਨਾ ਹੋਈਆਂ ਤਾਂ ਸਬ ਡਵੀਜ਼ਨ ਪੱਧਰ 
'ਤੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਵਰਕ-ਟੂ-ਰੂਲ ਕੀਤਾ ਜਾਵੇਗਾ।
ਇਸ ਮੌਕੇ ਭਾਗ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਇੰਟਕ, ਸੁੱਚਾ ਸਿੰਘ, ਵਰਿੰਦਰ ਸਿੰਘ ਛੱਜਾ, ਹਜ਼ਾਰਾ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਜੈ ਚੰਦ, ਸ਼ੰਭੂ ਸਿੰਘ, ਚੰਨਣ ਰਾਮ ਨੇ ਵੀ ਸੰਬੋਧਨ ਕੀਤਾ।


Related News