ਤਨਖਾਹ ਲਈ ਸਕੱਤਰੇਤ ਸਟਾਫ਼ ਨੇ ਦੋ ਘੰਟੇ ਕੰਮ ਰੱਖਿਆ ਠੱਪ
Thursday, Feb 08, 2018 - 07:11 AM (IST)

ਚੰਡੀਗੜ੍ਹ (ਭੁੱਲਰ) - ਜਨਵਰੀ ਮਹੀਨੇ ਦੀ ਤਨਖਾਹ ਜਾਰੀ ਨਾ ਹੋਣ ਦੇ ਵਿਰੋਧ ਵਿਚ ਅੱਜ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਦਫ਼ਤਰ ਖੁੱਲ੍ਹਦਿਆਂ ਹੀ ਕੰਮ ਕਾਜ ਠੱਪ ਕਰ ਦਿੱਤਾ, ਜਿਸ ਕਾਰਨ ਮੁੱਖ ਮੰਤਰੀ ਅਤੇ ਵਿੱਤ ਵਿਭਾਗ ਦੀਆਂ ਬ੍ਰਾਂਚਾਂ ਸਮੇਤ ਸਕੱਤਰੇਤ ਦੀਆਂ ਲੱਗਭਗ ਸਾਰੀਆਂ ਬ੍ਰਾਚਾਂ ਵਿਚ ਦੋ ਘੰਟੇ ਤੱਕ ਕੰਮ ਪੂਰੀ ਤਰ੍ਹਾਂ ਬੰਦ ਰਿਹਾ। ਮੁਲਾਜ਼ਮਾਂ ਨੇ ਸਵੇਰੇ ਹੀ ਸਕੱਤਰੇਤ ਦੇ ਐਂਟਰੀ ਗੇਟ 'ਤੇ ਇਕੱਠੇ ਹੋ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੋ ਘੰਟਿਆਂ ਬਾਅਦ ਅਧਿਕਾਰੀਆਂ ਦੇ ਭਰੋਸੇ 'ਤੇ ਰੋਸ ਪ੍ਰਦਰਸ਼ਨ ਖਤਮ ਕੀਤਾ ਗਿਆ।ਸਕੱਤਰੇਤ ਸਟਾਫ਼ ਦੇ ਗੁੱਸੇ ਨੂੰ ਦੇਖਦਿਆਂ ਸਕੱਤਰੇਤ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਰਾਜ ਸਰਕਾਰ ਦੇ ਵਿੱਤ ਵਿਭਾਗ ਨੂੰ ਬਾਅਦ ਦੁਪਹਿਰ ਸਕੱਤਰੇਤ ਮੁਲਾਜ਼ਮਾਂ ਦੀ ਤਨਖਾਹ ਜਾਰੀ ਕਰਨੀ ਪਈ।ਇਸ ਮੌਕੇ ਸਕੱਤਰੇਤ ਸਟਾਫ਼ ਐਸੋਸੀਏਸ਼ਨ ਵਲੋਂ ਐੱਨ. ਪੀ. ਸਿੰਘ ਪ੍ਰਧਾਨ, ਸੁਖਚੈਨ ਸਿੰਘ ਖਹਿਰਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ, ਸੰਯੁਕਤ ਜਨਰਲ ਸਕੱਤਰ, ਗੁਰਿੰਦਰ ਸਿੰਘ ਭਾਟੀਆ, ਮਨਜੀਤ ਸਿੰਘ ਰੰਧਾਵਾ, ਨੀਰਜ ਕੁਮਾਰ, ਦਲਜੀਤ ਸਿੰਘ, ਗੁਰਨਾਮ ਸਿੰਘ, ਮਿਥੁਨ ਚਾਵਲਾ, ਬਲਰਾਜ ਸਿੰਘ ਦਾਊ, ਪ੍ਰਧਾਨ ਦਰਜਾ-4 ਕਰਮਚਾਰੀ ਐਸੋਸੀਏਸ਼ਨ, ਸਵਰਨ ਸਿੰਘ ਪਲਹੇੜੀ ਜਨਰਲ ਸਕੱਤਰ, ਜਸਬੀਰ ਸਿੰਘ, ਮੋਤੀ ਲਾਲ ਆਦਿ ਮੌਜੂਦ ਸਨ।