ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰਾ

Friday, Jul 07, 2017 - 04:06 AM (IST)

ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰਾ

ਹੁਸ਼ਿਆਰਪੁਰ, (ਘੁੰਮਣ)- ਲੇਬਰ ਵਿਭਾਗ ਵੱਲੋਂ ਮਜ਼ਦੂਰਾਂ ਤੇ ਮਗਨਰੇਗਾ ਮਜ਼ਦੂਰਾਂ ਦੇ ਲੇਬਰ ਕਾਰਡਾਂ ਨੂੰ ਰੀਨਿਊ ਕਰਨ 'ਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਕੇ ਮਜ਼ਦੂਰ ਵਰਗ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿਚ ਮਜ਼ਦੂਰਾਂ ਨੇ ਅੱਜ ਮਗਨਰੇਗਾ ਲੇਬਰ ਮੂਵਮੈਂਟ ਤੇ ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮਜ਼ਦੂਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।  ਆਪਣੇ ਸੰਬੋਧਨ ਵਿਚ ਜੈ ਗੋਪਾਲ ਧੀਮਾਨ ਤੇ ਮਗਨਰੇਗਾ ਲੇਬਰ ਮੂਵਮੈਂਟ ਪੰਜਾਬ ਦੇ ਸਕੱਤਰ ਰਿੰਕੂ ਥਾਪਰ ਨੇ ਕਿਹਾ ਕਿ ਕਾਰਡ ਰੀਨਿਊ ਕਰਵਾਉਣ ਲਈ ਮਜ਼ਦੂਰਾਂ ਵੱਲੋਂ ਵਾਰ-ਵਾਰ ਲੇਬਰ ਵਿਭਾਗ ਦੇ ਦਫ਼ਤਰ ਦੇ ਚੱਕਰ ਕੱਟਣ ਦੇ ਬਾਵਜੂਦ ਕਾਰਡ ਰੀਨਿਊ ਨਹੀਂ ਕੀਤੇ ਜਾ ਰਹੇ। 
ਸਾਲ 2013 ਵਿਚ ਸ਼ੁਰੂ ਕੀਤੀਆਂ ਸਨ ਸਹੂਲਤਾਂ- ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2013 ਵਿਚ ਲੇਬਰ ਵੈੱਲਫੇਅਰ ਬੋਰਡ ਦੇ ਅਧੀਨ ਮਜ਼ਦੂਰਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਸਨ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਲੇਬਰ ਮੰਤਰਾਲੇ ਵੱਲੋਂ ਪੱਤਰ ਨੰ. ਜ਼ੈੱਡ-2011-03-2007, ਮਿਤੀ 10 ਫਰਵਰੀ 17 ਵੱਲੋਂ ਮਗਨਰੇਗਾ ਮਜ਼ਦੂਰਾਂ ਨੂੰ ਨਿਰਮਾਣ ਮਜ਼ਦੂਰਾਂ ਵਰਗੀਆਂ ਸਹੂਲਤਾਂ ਦੇਣ ਅਤੇ ਨਵੇਂ ਕਾਰਡ ਬਣਾਉਣ 'ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਤਾਨਾਸ਼ਾਹੀ ਦਾ ਸਬੂਤ ਦਿੰਦਿਆਂ ਇਹ ਆਦੇਸ਼ ਦਿੱਤੇ ਹਨ ਕਿ ਮਗਨਰੇਗਾ ਵਰਕਰਾਂ ਨੂੰ ਰਜਿਸਟਰਡ ਕਰਨ ਲਈ ਘੱਟੋ-ਘੱਟ 90 ਦਿਨ ਦਾ ਸਾਲਾਨਾ ਕੰਮ ਕੀਤਾ ਜਾਣਾ ਜ਼ਰੂਰੀ ਹੋਵੇਗਾ ਤੇ ਨਿਰਮਾਣ ਮਜ਼ਦੂਰਾਂ ਲਈ ਕਾਰਡ ਰੀਨਿਊ ਕਰਵਾਉਣ ਲਈ ਘੱਟੋ-ਘੱਟ 50 ਦਿਨ ਦਾ ਕੰਮ ਕੀਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਲੈਬਾਂ 'ਚ ਨਾਮਾਤਰ ਮਜ਼ਦੂਰ ਹੀ ਰਜਿਸਟ੍ਰੇਸ਼ਨ ਕਰਵਾ ਸਕਣਗੇ, ਜਦਕਿ ਬਾਕੀ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਜਾਣਗੇ। ਇਸ ਮੌਕੇ ਅਮਰਜੀਤ ਸਿੰਘ, ਹਰੀ ਦਾਸ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਵਿਕਰਮ ਕੁਮਾਰ, ਜਰਨੈਲ ਸਿੰਘ, ਰਘੁਵੀਰ ਸਿੰਘ ਤੇ ਮਨਿੰਦਰ ਸਿੰਘ ਆਦਿ ਵੀ ਹਾਜ਼ਰ ਸਨ। 


Related News