ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ 'ਚ ਠੱਪ ਰਿਹਾ ਕੰਮ, ਜਾਣੋ ਪੂਰਾ ਮਾਮਲਾ
Tuesday, Sep 27, 2022 - 11:23 AM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਜ਼ਿਲ੍ਹਾ ਅਦਾਲਤ ਦੇ ਵਕੀਲ ਦੀ ਗੱਡੀ 'ਚ ਡੇਢ ਕਿਲੋ ਗਾਂਜਾ ਰੱਖਣ ਦੇ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਵਕੀਲਾਂ ਨੇ ਸੋਮਵਾਰ ਕੰਮਕਾਜ ਠੱਪ ਰੱਖਿਆ। ਇਹ ਕੰਮ ਪੰਚਕੂਲਾ, ਮੋਹਾਲੀ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਰ ਐਸੋਸੀਏਸ਼ਨਾਂ ਵਲੋਂ ਮੁਅੱਤਲ ਕੀਤਾ ਗਿਆ ਸੀ। ਇਸ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੰਮ ਮੁਲਤਵੀ ਹੋਣ ਕਾਰਨ ਕੋਈ ਵੀ ਵਕੀਲ ਅਦਾਲਤ ਦੇ ਅੰਦਰ ਨਹੀਂ ਗਿਆ। ਹਾਈਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਣੀ ਕਮੇਟੀ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਕੋਈ ਵਕੀਲ ਕੇਸਾਂ ਸਬੰਧੀ ਅਦਾਲਤੀ ਕਾਰਵਾਈ 'ਚ ਸ਼ਾਮਲ ਹੁੰਦਾ ਹੈ ਤਾਂ ਉਸ ’ਤੇ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਹਾਈਕੋਰਟ ਬਾਰ ਐਸੋਸੀਏਸ਼ਨ ਐਡਵੋਕੇਟ ਅਸ਼ੋਕ ਸਹਿਗਲ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਹੈ। ਜ਼ਿਕਰਯੋਗ ਕਿ ਸ਼ੁੱਕਰਵਾਰ ਦੇਰ ਰਾਤ ਵਕੀਲ ਅਸ਼ੋਕ ਸਹਿਗਲ ਦੇ ਘਰ ਦੇ ਬਾਹਰ ਖੜ੍ਹੀ ਕਾਰ ’ਚੋਂ ਗਾਂਜਾ ਬਰਾਮਦ ਹੋਇਆ ਸੀ। ਜਾਣਕਾਰੀ ਅਨੁਸਾਰ ਪੰਚਕੂਲਾ, ਮੋਹਾਲੀ, ਡੇਰਾਬੱਸੀ, ਅੰਮ੍ਰਿਤਸਰ, ਫਾਜ਼ਿਲਕਾ, ਸਮਾਲਖਾ, ਜਲਾਲਾਬਾਦ, ਤਰਨਤਾਰਨ ਅਤੇ ਹਥੀਨ ਸਮੇਤ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ ਵੀ ਘਟਨਾ ਦੇ ਵਿਰੋਧ 'ਚ ਕੰਮਕਾਜ ਠੱਪ ਰੱਖਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੱਟਿਆ ਗਿਆ ਪੰਜਾਬ ਦੇ AAP ਵਿਧਾਇਕ ਦਾ ਚਲਾਨ, ਜਾਣੋ ਪੂਰਾ ਮਾਮਲਾ
ਵਕੀਲ ਦੇ ਪਰਿਵਾਰ ਨੇ ਕੀਤਾ ਧੰਨਵਾਦ
ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਵਕੀਲ ਦੀ ਪ੍ਰੈਕਟਿਸ ਕਰ ਰਹੇ ਅਸ਼ੋਕ ਸਹਿਗਲ ਦਾ ਪਰਿਵਾਰ ਉਨ੍ਹਾਂ ਦੇ ਨਾਲ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪੁੱਜਿਆ। ਇੱਥੇ ਪਰਿਵਾਰ ਨੇ ਹੌਂਸਲਾ ਵਧਾਉਣ ਲਈ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ। ਵਕੀਲਾਂ ਨੇ ਜ਼ਿਲ੍ਹਾ ਅਦਾਲਤ 'ਚ ਬਾਰ ਪ੍ਰਧਾਨ ਸੁਨੀਲ ਟੋਨੀ ਦੀ ਹਾਜ਼ਰੀ 'ਚ ਮੀਟਿੰਗ ਵੀ ਕੀਤੀ। ਇਸੇ ਦੌਰਾਨ ਸੈਕਟਰ-11 ਥਾਣੇ ਦੇ ਇੰਚਾਰਜ ਜਸਬੀਰ ਸਿੰਘ ਅਦਾਲਤ (ਕੇਂਦਰੀ) ਗੁਰਮੁੱਖ ਸਿੰਘ ਨੂੰ ਵਕੀਲਾਂ ਨਾਲ ਮਿਲਣ ਲਈ ਗਏ। ਉਨ੍ਹਾਂ ਵਕੀਲਾਂ ਨੂੰ ਭਰੋਸਾ ਦੁਆਇਆ ਕਿ ਮਾਮਲੇ ਦੀ ਢੁੱਕਵੀਂ ਜਾਂਚ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਬਾਰ ਨੇ ਫ਼ੈਸਲਾ ਕੀਤਾ ਹੈ ਕਿ ਮੰਗਲਵਾਰ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਗਵਾਹ ਵਜੋਂ ਤਲਬ ਕਰਨ ਦਾ ਮਾਮਲਾ : ਪਟਿਆਲਾ ਜੇਲ੍ਹ ਸੁਪਰੀਡੈਂਟ ਦੇ ਜ਼ਮਾਨਤੀ ਵਾਰੰਟ ਜਾਰੀ
ਗਾਂਜਾ ਰੱਖ ਕੇ ਪੁਲਸ ਨੂੰ ਕੀਤਾ ਸੂਚਿਤ
ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਤੋਖਵਿੰਦਰ ਸਿੰਘ ਗਰੇਵਾਲ (ਨਾਭਾ) ਅਨੁਸਾਰ ਇਸ ਘਟਨਾ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਜਾਵੇਗੀ। ਬਾਰ ਦੀ ਕਾਰਜਕਾਰਣੀ ਕਮੇਟੀ ਦਾ ਕਹਿਣਾ ਹੈ ਕਿ ਇਹ ਘਟਨਾ ਬਹੁਤ ਗੰਭੀਰ ਕਿਸਮ ਦੀ ਹੈ ਅਤੇ ਨਾਮਨਜ਼ੂਰ ਹੈ। ਵਕੀਲਾਂ ’ਤੇ ਹਮਲਾ ਕਰਨਾ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰਨਾ ਇਕ ਗੰਭੀਰ ਮਾਮਲਾ ਹੈ ਅਤੇ ਅਥਾਰਟੀ ਨੂੰ ਇਸ ਨਾਲ ਨਜਿੱਠਣਾ ਚਾਹੀਦਾ ਹੈ। ਕਮੇਟੀ ਨੇ ਤੱਥਾਂ, ਸਬੂਤਾਂ ਅਤੇ ਸੀ. ਸੀ. ਟੀ. ਵੀ. ਫੁਟੇਜ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਕੀਲ ਦੀ ਕਾਰ 'ਚ ਕਿਸੇ ਨੇ ਨਸ਼ੇ ਵਾਲਾ ਪਦਾਰਥ ਰੱਖਿਆ ਸੀ, ਤਾਂ ਜੋ ਵਕੀਲ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਿਆ ਜਾ ਸਕੇ। ਕਿਸੇ ਨੇ ਗਾਂਜਾ ਰੱਖ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ। ਬਾਰ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਜਾਵੇਗੀ, ਜਿਸ 'ਚ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਜਾਵੇਗੀ ਕਿ ਵਕੀਲਾਂ ਨੂੰ ਉਨ੍ਹਾਂ ਦੀਆਂ ਪੇਸ਼ੇਵਰ ਡਿਊਟੀਆਂ ਤੋਂ ਰੋਕਿਆ ਨਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ