ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ’ਚ ਜ਼ਖਮੀ ਔਰਤ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ
Friday, Dec 24, 2021 - 12:59 PM (IST)
ਲੁਧਿਆਣਾ (ਰਾਜ/ਬੇਰੀ) : ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਬਾਥਰੂਮ ’ਚ ਹੋਏ ਬੰਬ ਧਮਾਕੇ ’ਚ ਕੋਲ ਹੀ ਫੋਟੋ ਸਟੇਟ ਦਾ ਕੰਮ ਕਰਨ ਵਾਲੀ ਸੰਦੀਪ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਦੇ ਨਾਲ ਹੀ ਅਦਾਲਤੀ ਰੂਮ ’ਚ ਤਰੀਕ ’ਤੇ ਆਈ ਸ਼ਰਨਜੀਤ ਕੌਰ ਅਤੇ ਉਸ ਦੀ ਭੈਣ ਵੀ ਜ਼ਖਮੀ ਹੋ ਗਈ ਸੀ। ਸੰਦੀਪ ਕੌਰ ਅਤੇ ਸ਼ਰਨਜੀਤ ਕੌਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਉਸ ਦੀ ਭੈਣ ਮਾਮੂਲੀ ਜ਼ਖਮੀ ਹੋਈ। ਜ਼ਖਮੀ ਸੰਦੀਪ ਕੌਰ, ਸ਼ਰਨਜੀਤ ਕੌਰ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਸਾਰੀ ਘਟਨਾ ਸਬੰਧੀ ਦੱਸਿਆ। ਮੁੱਲਾਂਪੁਰ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਦੱਸਿਆ ਕਿ ਦੂਜੀ ਮੰਜ਼ਿਲ ਬਾਥਰੂਮ ਦੇ ਬਿਲਕੁਲ ਕੋਲ ਹੀ ਇਕ ਟੇਬਲ ’ਤੇ ਉਹ ਫੋਟੋ ਸਟੇਟ ਦੀ ਮਸ਼ੀਨ ਚਲਾਉਂਦੀ ਹੈ। ਉਹ ਕਾਫੀ ਸਾਲਾਂ ਤੋਂ ਕੋਰਟ ’ਚ ਕੰਮ ਕਰ ਰਹੀ ਹੈ। ਦੁਪਹਿਰ ਕਰੀਬ ਸਵਾ 12 ਵਜੇ ਉਹ ਕਿਸੇ ਗਾਹਕ ਦੀ ਕਾਪੀ ਕਰ ਰਹੀ ਸੀ। ਇਸ ਦੌਰਾਨ ਇਕਦਮ ਧਮਾਕਾ ਹੋਇਆ। ਉਸ ਨੂੰ ਕੁਝ ਵੀ ਸਮਝ ਨਹੀਂ ਆਇਆ ਅਤੇ ਕੁਝ ਮਲਬਾ ਉਸ ’ਤੇ ਆ ਕੇ ਡਿੱਗਾ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਕਦਮ ਆਲੇ-ਦੁਆਲੇ ਹਫੜਾ-ਦਫੜੀ ਮਚ ਗਈ ਸੀ, ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਹੋਇਆ ਕੀ ਹੈ? ਕੁਝ ਸੈਕਿੰਡ ਬਾਅਦ ਹੀ ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਅਤੇ ਉਹ ਬੇਹੋਸ਼ ਹੋ ਗਈ ਸੀ। ਜਦੋਂ ਹੋਸ਼ ਆਇਆ ਤਾਂ ਕੁਝ ਲੋਕ ਉਸ ਨੂੰ ਚੁੱਕ ਕੇ ਲਿਜਾ ਰਹੇ ਸਨ।
ਇਹ ਵੀ ਪੜ੍ਹੋ : ਤੁਸੀਂ ਉਹੀ ਕੱਟਦੇ ਹੋ, ਜੋ ਬੀਜਦੇ ਹੋ, ਹਰੀਸ਼ ਰਾਵਤ ’ਤੇ ਕੈਪਟਨ ਨੇ ਕੀਤੀ ਟਿੱਪਣੀ
ਇਸੇ ਤਰ੍ਹਾਂ ਮੁੰਡੀਆਂ ਇਲਾਕੇ ਤੋਂ ਆਈ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਸਿਵਲ ਕੋਰਟ ਦਾ ਕੋਈ ਕੇਸ ਸੀ। ਇਸ ਲਈ ਉਸੇ ਕੇਸ ਦੇ ਸਿਲਸਿਲੇ ’ਚ ਉਹ ਦੂਜੀ ਮੰਜ਼ਿਲ ’ਤੇ ਸਥਿਤ ਕੋਰਟ ’ਚ ਆਈ ਸੀ। ਜਿਉਂ ਹੀ ਕੋਰਟ ਰੂਮ ਦੇ ਕੋਲੋਂ ਗੁਜ਼ਰ ਰਹੀ ਸੀ ਤਾਂ ਅਚਾਨਕ ਧਮਾਕਾ ਹੋਇਆ। ਇੱਟਾਂ ਪੱਥਰ ਉਸ ਦੇ ਉੱਪਰ ਆ ਡਿੱਗੇ ਅਤੇ ਇਕਦਮ ਧੂੰਆਂ ਹੀ ਧੂੰਆਂ ਹੋ ਗਿਆ ਸੀ। ਸਿਰ ਅਤੇ ਨੱਕ ’ਤੇ ਸੱਟਾਂ ਲੱਗਣ ਕਾਰਨ ਉਹ ਘਬਰਾ ਗਈ ਅਤੇ ਬੇਹੋਸ਼ ਹੋ ਗਈ ਸੀ। ਕੁਝ ਦੇਰ ਬਾਅਦ ਲੋਕਾਂ ਨੇ ਉੁਸ ਨੂੰ ਚੁੱਕਿਆ ਅਤੇ ਬਾਹਰ ਲੈ ਕੇ ਆਏ ਸਨ। ਸ਼ਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਤਾਂ ਬਾਅਦ ’ਚ ਪਤਾ ਲੱਗਾ ਸੀ ਕਿ ਅਦਾਲਤ ਰੂਮ ’ਚ ਬੰਬ ਧਮਾਕਾ ਹੋਇਆ ਹੈ।
ਡਿਪਟੀ ਸੀ. ਐੱਮ. ਅਤੇ ਡੀ. ਜੀ. ਪੀ. ਜ਼ਖਮੀਆਂ ਦਾ ਹਾਲ ਜਾਣਨ ਪੁੱਜੇ
ਸਿਵਲ ਹਸਪਤਾਲ ’ਚ ਦਾਖਲ ਸੰਦੀਪ ਕੌਰ ਅਤੇ ਸ਼ਰਨਜੀਤ ਕੌਰ ਦਾ ਹਾਲ ਜਾਨਣ ਲਈ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੇ ਸਿਵਲ ਹਸਪਤਾਲ ਪੁੱਜ ਕੇ ਜ਼ਖਮੀ ਸੰਦੀਪ ਕੌਰ ਅਤੇ ਸ਼ਰਨਜੀਤ ਕੌਰ ਦਾ ਹਾਲ ਜਾਣਿਆ। ਉਨ੍ਹਾਂ ਨੇ ਦੋਵੇਂ ਜ਼ਖਮੀਆਂ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕੇ ਦੀ ਜਾਂਚ ਮਜੀਠੀਆ ਖਿਲਾਫ਼ FIR ਨਾਲ ਜੋੜ ਕੇ ਵੀ ਕੀਤੀ ਜਾ ਰਹੀ : ਮੁੱਖ ਮੰਤਰੀ ਚੰਨੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ