ਔਰਤਾਂ ਦੇ ਹੱਕਾਂ, ਆਜ਼ਾਦੀ ਅਤੇ ਬਰਾਬਰਤਾ ਦੇ ਸੰਘਰਸ਼ ਦਾ ਪ੍ਰਤੀਕ ਹੈ ਵੂਮੈਨ ਡੇਅ

Thursday, Mar 08, 2018 - 11:12 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)–ਹਰ ਸਾਲ 8 ਮਾਰਚ ਨੂੰ ਵਿਸ਼ਵ ਪੱਧਰ 'ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਵਿਭਿੰਨ ਖੇਤਰਾਂ 'ਚ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਔਰਤਾਂ ਲਈ ਇਕ ਤਿਉਹਾਰ ਵਾਂਗ ਹੁੰਦਾ ਹੈ। 8 ਮਾਰਚ 1857 ਨੂੰ ਸ਼ੁਰੂ ਕੀਤਾ ਗਿਆ ਮਹਿਲਾ ਦਿਵਸ ਅੰਤਰਰਾਸ਼ਟਰੀ ਪੱਧਰ 'ਤੇ ਪਹਿਲੀ ਵਾਰ 18 ਮਾਰਚ 1911 ਨੂੰ ਮਨਾਇਆ ਗਿਆ ਜੋ ਕਿ ਬਾਅਦ ਵਿਚ 8 ਮਾਰਚ ਨੂੰ ਪੱਕੇ ਤੌਰ 'ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੂਪ ਵਿਚ ਮਨਾਇਆ ਜਾਣ ਲੱਗਾ। 'ਜਗ ਬਾਣੀ' ਵੱਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ 'ਤੇ ਜ਼ਿਲਾ ਸੰਗਰੁਰ ਨਾਲ ਸਬੰਧਤ ਵੱਖ-ਵੱਖ ਖੇਤਰਾਂ 'ਚ ਕੰਮ ਕਰ ਰਹੀਆਂ ਔਰਤਾਂ ਨਾਲ ਗੱਲ ਕਰ ਕੇ ਉਨ੍ਹਾਂ ਦੇ ਵਿਚਾਰ ਸੁਣੇ ਗਏ।


ਕਿਥੇ-ਕਿਥੇ ਮਨਾਇਆ ਜਾਵੇਗਾ ਅੱਜ ਵੂਮੈਨ ਡੇਅ 
ਕੌਮਾਂਤਰੀ ਇਸਤਰੀ ਦਿਵਸ 'ਤੇ ਅੱਜ ਸੰਗਰੂਰ ਦੇ ਇੰਡਸਟਰੀਅਲ ਚੈਂਬਰ 'ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ 'ਚ ਗਗਨਦੀਪ ਕੌਰ ਢੀਂਡਸਾ ਵੱਲੋਂ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਅੱਠ ਇਸਤਰੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਸਿਵਲ ਹਸਪਤਾਲ ਸੰਗਰੂਰ ਵਿਖੇ ਖੂਨ ਦਾਨ ਕੈਂਪ ਮੈਡਮ ਪੂਨਮ ਕਾਂਗੜਾ ਦੀ ਅਗਵਾਈ ਹੇਠ ਲਾਇਆ ਜਾ ਰਿਹਾ ਹੈ। ਸਥਾਨਕ ਔਗਲੀਜ਼ੀਅਮ ਸਕੂਲ ਵਿਖੇ ਵੀ ਪ੍ਰਿੰਸੀਪਲ ਅੰਜਲੀ ਵਰਮਾ ਦੀ ਦੇਖ-ਰੇਖ 'ਚ ਮਹਿਲਾ ਦਿਵਸ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।

ਔਰਤ ਸਮਾਜ ਦੀ ਸਿਰਜਣਹਾਰ ਹੈ 
ਡਾ. ਕਿਰਨਜੋਤ ਕੌਰ ਬਾਲੀ ਸਿਵਲ ਸਰਜਨ ਸੰਗਰੂਰ ਨੇ ਕਿਹਾ ਕਿ ਔਰਤ ਸਮਾਜ ਦੀ ਸਿਰਜਣਹਾਰ ਹੈ। ਜੇ ਔਰਤ ਹੈ ਤਾਂ ਅਸੀ ਹਾਂ। ਸਾਨੂੰ ਔਰਤਾਂ ਵਿਰੁੱਧ ਹਰ ਤਰ੍ਹਾਂ ਤੇ ਭੇਦਭਾਵ ਅਤੇ ਅਨਿਆਂ ਨੂੰ ਖਤਮ ਕਰਨ ਲਈ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਚਾਹੀਦਾ ਹੈ। ਇਸ ਮਹਿਲਾ ਦਿਵਸ ਮੌਕੇ ਸਾਨੂੰ ਸਭ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਔਰਤ ਪ੍ਰਤੀ ਆਪਣੀ ਨਾਕਾਰਾਤਮਕ ਸੋਚ ਨੂੰ ਬਦਲੀਏ ਅਤੇ ਅਜਿਹਾ ਵਾਤਾਵਰਣ ਸਿਰਜੀਏ ਜਿਥੇ ਧੀਆਂ ਬਚਾਓ ਦੇ ਨਾਅਰੇ ਨਾ ਲਾਉਣੇ ਪੈਣ।

ਔਰਤਾਂ ਨੂੰ ਬਣਦੇ ਹੱਕ ਮਿਲਣ 
ਜੇਕਰ ਔਰਤ ਨੂੰ ਪਰਿਵਾਰ ਅਤੇ ਸਮਾਜ ਦਾ ਸਾਥ ਮਿਲੇ ਤਾਂ ਔਰਤ ਹਰ ਮੰਜ਼ਿਲ ਨੂੰ ਆਸਾਨੀ ਨਾਲ ਸਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕ ਪਛਾਣਨ ਦੀ ਲੋੜ ਹੈ ਕਿਉਂਕਿ ਔਰਤ ਅਬਲਾ ਨਹੀਂ ਬਲਵਾਨ ਹੈ ਅਤੇ ਅੱਜ ਦੀ ਔਰਤ ਆਪਣੇ ਪਰਿਵਾਰ ਅਤੇ ਸਮਾਜ ਦੇ ਨਾਲ ਸਭ ਕੁੱਝ ਕਰਨ ਦੇ ਸਮਰੱਥ ਹੈ। ਸਮਾਂ ਆ ਗਿਆ ਹੈ ਕਿ ਔਰਤ ਨੂੰ ਉਸ ਦੇ ਬਣਦੇ ਹੱਕ ਦਿੱਤੇ ਜਾਣ।


Related News