ਵਿੱਤ ਤੇ ਯੋਜਨਾ ਵਿਭਾਗ ਦੀਆਂ ਮਹਿਲਾ ਮੁਲਾਜ਼ਮਾਂ ਨੇ ਮਨਾਇਆ ਤੀਆਂ ਦਾ ਤਿਉਹਾਰ

Monday, Jul 29, 2024 - 02:30 PM (IST)

ਵਿੱਤ ਤੇ ਯੋਜਨਾ ਵਿਭਾਗ ਦੀਆਂ ਮਹਿਲਾ ਮੁਲਾਜ਼ਮਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਚੰਡੀਗੜ੍ਹ (ਰਮਨਜੀਤ) : ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ 'ਚ ਖ਼ਾਸ ਮਹੱਤਵ ਰੱਖਦਾ ਹੈ। ਇਨ੍ਹੀਂ ਦਿਨੀਂ ਕੁੜੀਆਂ ਮਹਿੰਦੀ ਲਗਵਾਉਂਦੀਆਂ ਹਨ, ਪੀਂਘਾਂ ਝੂਟਦੀਆਂ ਹਨ ਅਤੇ ਨੱਚ-ਟੱਪ ਕੇ ਆਪਣੇ ਮਨ ਦੇ ਵਲਵਲੇ ਪ੍ਰਗਟਾਉਂਦੀਆਂ ਹਨ।  ਇਸ ਗੱਲ ਨੂੰ ਮੁੱਖ ਰੱਖਦੇ ਹੋਏ ਵਿੱਤ ਅਤੇ ਯੋਜਨਾ ਭਵਨ, ਸੈਕਟਰ-33, ਚੰਡੀਗੜ੍ਹ ਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਪੂਰੀ ਧੂਮ-ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਰਮਚਾਰਣਾਂ ਨੇ ਰਵਾਇਤੀ ਅਤੇ ਗੂੜ੍ਹੇ ਰੰਗਾਂ ਦੇ ਪਹਿਰਾਵੇ ਪਾ ਕੇ ਇਸ ਸਮਾਗਮ 'ਚ ਉਤਸ਼ਾਹ ਨਾਲ ਹਿੱਸਾ ਲਿਆ।

PunjabKesari

ਇੱਕ ਪੰਜਾਬੀ ਸੱਭਿਆਚਾਰਕ ਕਾਰਨਰ ਵੀ ਸਥਾਪਿਤ ਕੀਤਾ ਗਿਆ ਸੀ, ਜਿਸ 'ਚ ਵੰਗਾਂ, ਗਹਿਣੇ, ਸ਼ਿੰਗਾਰ ਸਮੱਗਰੀ ਅਤੇ ਮਹਿੰਦੀ ਵਰਗੀਆਂ ਸਟਾਲਾਂ ਲਗਾਈਆਂ ਗਈਆਂ, ਜਿਸ ਨਾਲ ਇਸ ਸਮਾਗਮ ਨੂੰ ਚਾਰ ਚੰਦ ਲੱਗ ਗਏ। ਸਮਾਗਮ ਦੀਆਂ ਮੁੱਖ ਝਲਕੀਆਂ 'ਚ ਪੰਜਾਬੀ ਲੋਕ ਨਾਚ, ਲੋਕ ਗਾਇਕੀ, ਗਿੱਧਾ, ਟੱਪੇ, ਸਿੱਠਣੀਆਂ ਸ਼ਾਮਲ ਸਨ। ਬੱਚਿਆਂ ਦੇ ਮੰਨੋਰੰਜਨ ਦਾ ਖ਼ਾਸ ਧਿਆਨ ਰੱਖਦੇ ਹੋਏ ਉਨ੍ਹਾਂ ਲਈ ਡਰਾਇੰਗ ਅਤੇ ਹੋਰ ਰੰਗਾਂ ਦੀਆਂ ਗਤੀਵਿਧੀਆਂ ਉਪਲੱਬਧ ਸਨ।

PunjabKesari

ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਲਈ ਇੱਕ ਫੈਸ਼ਨ ਸ਼ੋਅ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਰਾਊਂਡ ਪੇਸ਼ ਕੀਤੇ ਗਏ। ਸਿਮਰਜੀਤ ਕੌਰ, ਵਧੀਕ ਡਾਇਰੈਕਟਰ ਅਤੇ ਸ਼ਿਵਾਨੀ, ਸਹਾਇਕ ਕੰਟਰੋਲਰ ਨੇ ਇਸ ਮੁਕਾਬਲੇ ਵਿਚ ਬਤੌਰ ਜੱਜ ਸੇਵਾ ਨਿਭਾਈ। ਇਸ ਮੁਕਾਬਲੇ ਵਿਚ ਸੁਖਜੀਤ ਕੌਰ ਨੂੰ ਮਿਸ ਤੀਜ ਚੁਣਿਆ ਗਿਆ, ਜਦਕਿ ਜਸਪ੍ਰੀਤ ਕੌਰ ਅਤੇ ਹਰਮਨ ਰਨਰ-ਅੱਪ ਰਹੇ। ਇਸ ਮੌਕੇ ਵਧੀਕ ਡਾਇਰੈਕਟਰ ਸਿਮਰਜੀਤ ਕੌਰ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਤਿਉਹਾਰ ਮਨਾਉਣ ਨਾਲ ਨਾ ਸਿਰਫ਼ ਖੁਸ਼ੀ ਮਿਲਦੀ ਹੈ, ਸਗੋਂ ਹੌਲੀ-ਹੌਲੀ ਅਲੋਪ ਹੋ ਰਹੇ ਪਹਿਰਾਵੇ ਅਤੇ ਰੀਤੀ-ਰਿਵਾਜਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲਦੀ ਹੈ।  ਇਸ ਸਮਾਗਮ ਦੇ ਪ੍ਰਬੰਧਕ ਹਰਦੀਪ ਕੌਰ, ਰਣਜੀਤ ਕੌਰ, ਮੋਨਿਕਾ, ਸਰਿਤਾ ਅਤੇ ਇਮਨਿੰਦਰ ਕੌਰ ਨੇ ਸਾਰੇ ਮਹਿਮਾਨਾਂ ਨੂੰ ਤੋਹਫ਼ੇ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
 


author

Babita

Content Editor

Related News