ਡੈਂਟਲ ਕਾਲਜ 'ਚ ਦੰਦ ਕਢਵਾਉਣ ਆਈ ਔਰਤ ਨਾਲ ਜੋ ਭਾਣਾ ਵਰਤਿਆ, ਕਿਸੇ ਨੂੰ ਯਕੀਨ ਨਹੀਂ ਆਵੇਗਾ

Thursday, Sep 22, 2022 - 01:46 PM (IST)

ਚੰਡੀਗੜ੍ਹ (ਰਸ਼ਮੀ) : ਸੈਕਟਰ-25 ਸਥਿਤ ਪੰਜਾਬ ਯੂਨੀਵਰਸਿਟੀ ਦੇ ਡੈਂਟਲ ਕਾਲਜ 'ਚ ਦੰਦ ਕੱਢਵਾਉਣ ਆਈ ਔਰਤ ਦੀ ਟੀਕਾ ਲੱਗਣ ਤੋਂ ਕੁੱਝ ਦੇਰ ਬਾਅਦ ਹੀ ਮੌਤ ਹੋ ਗਈ। ਕਾਲਜ ਦੀ ਇੰਟਰਨ ਵੱਲੋਂ ਔਰਤ ਨੂੰ ਐਨਸਥੀਸੀਆ ਦਾ ਟੀਕਾ ਲਾਇਆ ਗਿਆ ਸੀ। ਓਰਲ ਸਰਜਰੀ ਵਿਭਾਗ 'ਚ ਸੈਕਟਰ-80 ਮੋਹਾਲੀ ਦੀ ਰਹਿਣ ਵਾਲੀ 34 ਸਾਲਾ ਸ਼੍ਰੀਮਤੀ ਨਾਂ ਦੀ ਔਰਤ ਆਪਣੇ ਪਤੀ ਸੂਰਜ ਨਾਲ ਆਈ ਸੀ। ਉਸ ਦੇ ਦੰਦ 'ਚ ਦਰਦ ਸੀ, ਜਿਸ ਨੂੰ ਓ. ਪੀ. ਡੀ. 'ਚ ਦੇਖਣ ਤੋਂ ਬਾਅਦ ਦੰਦ ਕੱਢਵਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਬਾਅਦ ਔਰਤ ਖ਼ੁਦ ਗਰਾਊਂਡ ਫਲੋਰ ’ਤੇ ਸਥਿਤ ਓਰਲ ਸਰਜਰੀ ਵਿਭਾਗ 'ਚ ਗਈ। ਇੱਥੇ ਟੀਕਾ ਲਾਉਣ ਤੋਂ ਬਾਅਦ ਉਸ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ। ਅਚਾਨਕ ਉਸ ਦਾ ਸਾਹ ਫੁੱਲਣ ਲੱਗਾ ਅਤੇ ਉਹ ਬੇਹੋਸ਼ ਹੋ ਗਈ। ਜਦੋਂ ਸੀਨੀਅਰ ਡਾਕਟਰਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ। ਪੁਲਸ ਵੀ ਮੌਕੇ ’ਤੇ ਪਹੁੰਚੀ ਅਤੇ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਐੱਚ. ਬੱਤਰਾ ਦੇ ਕਮਰੇ 'ਚ ਦੋ ਘੰਟੇ ਪੁੱਛਗਿੱਛ ਕਰਦੀ ਰਹੀ। ਡਾ. ਬੱਤਰਾ ਓਰਲ ਸਰਜਰੀ ਵਿਭਾਗ ਦੇ ਮੁਖੀ ਵੀ ਹਨ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮੋਰਚਰੀ ਵਿਚ ਰੱਖਵਾ ਦਿੱਤੀ।

ਇਹ ਵੀ ਪੜ੍ਹੋ : ਭਾਜਪਾ ਵੱਲੋਂ ਪੰਜਾਬ 'ਚ 'ਆਪ' ਨਾਲ ਕਾਨੂੰਨੀ ਜੰਗ ਦਾ ਐਲਾਨ, ਅਸ਼ਵਨੀ ਸ਼ਰਮਾ ਨੇ ਦਿੱਤਾ ਵੱਡਾ ਬਿਆਨ
ਜਦੋਂ ਅੰਦਰ ਬੁਲਾਇਆ ਤਾਂ ਪਤਨੀ ਨੂੰ ਲੱਗੀ ਹੋਈ ਸੀ ਆਕਸੀਜਨ, ਬਾਹਰ ਲੈ ਕੇ ਜਾਣ ਲਈ ਕਿਹਾ : ਪਤੀ
ਮ੍ਰਿਤਕਾ ਦੇ ਪਤੀ ਸੂਰਜ ਨੇ ਦੱਸਿਆ ਕਿ ਇਹ ਸਭ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਉਸ ਨੂੰ ਪਹਿਲਾਂ ਕੋਈ ਬੀਮਾਰੀ ਨਹੀਂ ਸੀ। ਸੂਰਜ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਇਨ੍ਹਾਂ ਬੱਚਿਆਂ ਦੀ ਉਮਰ 9, 11 ਅਤੇ 13 ਸਾਲ ਹੈ। ਉਹ ਪਲੰਬਰ ਦਾ ਕੰਮ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਤੋਂ ਇੱਥੇ ਕੰਮ ਕਰਨ ਲਈ 16 ਸਤੰਬਰ ਨੂੰ ਆਇਆ ਸੀ, ਜਿਸ ਤੋਂ ਬਾਅਦ ਬੁੱਧਵਾਰ ਦੰਦ ਕੱਢਵਾਉਣ ਲਈ ਉਸਦੀ ਪਤਨੀ ਨੂੰ ਓਰਲ ਸਰਜਰੀ ਵਿਭਾਗ ਵਿਚ ਬੁਲਾਇਆ ਗਿਆ। ਸੂਰਜ ਨੇ ਦੱਸਿਆ ਕਿ ਜਦੋਂ ਉਸ ਨੂੰ ਅੰਦਰ ਬੁਲਾਇਆ ਗਿਆ ਤਾਂ ਪਤਨੀ ਆਕਸੀਜਨ ’ਤੇ ਸੀ। ਇਸ ਤੋਂ ਬਾਅਦ ਉਸ ਨੂੰ ਬਾਹਰ ਲੈ ਕੇ ਜਾਣ ਲਈ ਕਿਹਾ ਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਕੁੱਝ ਕਰਦਾ, ਪਤਨੀ ਦੀ ਮੌਤ ਹੋ ਗਈ। ਸੂਰਜ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੀ ਪੁਲਸ ਨੂੰ ਉਸ ਅਤੇ ਉਸ ਦੇ ਦੋਸਤ ਦੇ ਮੁੰਡੇ ਵਲੋਂ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਕਾਰਵਾਈ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਟ੍ਰਾਇਲ ਕੋਰਟ ’ਚ ਪੇਸ਼ ਹੋਣ ਦੇ ਹੁਕਮ
ਸ਼ਿਕਾਇਤ ਨਹੀਂ ਦਿੱਤੀ, ਨਹੀਂ ਕੀਤੀ ਕਾਰਵਾਈ : ਪੁਲਸ
ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਵੀ ਸ਼ਿਕਾਇਤ ਨਹੀਂ ਦਿੱਤੀ, ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਸੂਰਜ ਨੇ ਦੱਸਿਆ ਕਿ ਉਹ ਅਨਪੜ੍ਹ ਹੈ, ਇਸ ਲਈ ਉਸ ਨੇ ਕੁੱਝ ਨਹੀਂ ਲਿਖਿਆ। ਇਸ ਦਾ ਮਤਲਬ ਇਹ ਨਹੀਂ ਕਿ ਉਹ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਸੂਰਜ ਅਨੁਸਾਰ ਪੁਲਸ ਨੇ ਉਸ ਨੂੰ ਕਿਹਾ ਸੀ ਕਿ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਸੀਨੀਅਰ ਸਰਜਨ ਵੀ ਮੌਜੂਦ ਸੀ, ਸੀ. ਪੀ. ਆਰ. ਵੀ ਦਿੱਤਾ
ਡੈਂਟਲ ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਹੇਮੰਤ ਬੱਤਰਾ ਨੇ ਦੱਸਿਆ ਕਿ ਔਰਤ ਆਪਣਾ ਦੰਦ ਕਢਵਾਉਣ ਆਈ ਸੀ। ਉਸਨੂੰ ਜਨਰਲ ਐਨਸਥੀਸੀਆ ਦਿੱਤਾ ਗਿਆ। ਇਸ ਤੋਂ ਬਾਅਦ ਉਹ ਘਬਰਾਹਟ ਮਹਿਸੂਸ ਕਰਨ ਲੱਗੀ ਅਤੇ ਸਾਹ ਠੀਕ ਨਾ ਆਉਣ ਦੀ ਸ਼ਿਕਾਇਤ ਕੀਤੀ। ਇਸ ਦੌਰਾਨ ਸੀਨੀਅਰ ਡਾਕਟਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਨੇ ਸੀ. ਪੀ. ਆਰ. ਵੀ ਦਿੱਤਾ। ਮੌਕੇ ’ਤੇ ਸੀਨੀਅਰ ਸਰਜਨ ਅਤੇ ਮੈਡੀਕਲ ਅਫਸਰ ਮੌਜੂਦ ਸਨ ਪਰ ਔਰਤ ਬਚ ਨਹੀਂ ਸਕੀ। ਇਹ ਕੇਸ ਗੰਭੀਰ ਇਕਊਟਪਲਮਨਰੀ ਐਡੀਮਾ ਜਾਂ ਕਾਰਡੀਓਪਲਮਨਰੀ ਅਰੈਸਟ ਦਾ ਹੋ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News