ਨਾਕਾਮ ਹੋਈ ਪੁਲਸ, ਔਰਤਾਂ ਲਾਉਣ ਲੱਗੀਆਂ ਠੀਕਰੀ ਪਹਿਰਾ
Wednesday, Aug 28, 2019 - 06:51 PM (IST)

ਲੁਧਿਆਣਾ (ਜ.ਬ.)— ਮੌਜੂਦਾ ਸਮੇਂ ਦੌਰਾਨ ਜਿੱਥੇ ਆਏ ਦਿਨ ਲੁੱਟ-ਖੋਹ ਅਤੇ ਦਿਨ-ਦਿਹਾਡ਼ੇ ਚੋਰੀ ਡਕੈਤੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ, ਉੱਥੇ ਲੁਹਾਰਾ ਪਿੰਡ ’ਚ ਚੋਰਾਂ ਦੇ ਵੱਧਦੇ ਹੋਏ ਖੌਫ ਨੂੰ ਦੇਖਦੇ ਹੋਏ ਪਿੰਡ ਦੀਆਂ ਔਰਤਾਂ ਨੇ ਇਕੱਤਰ ਹੋ ਕੇ ਠੀਕਰੀ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਔਰਤਾਂ ਨੇ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਵੀ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਪੁਲਸ ਨੂੰ ਹਰ ਪਿੰਡ ’ਚ ਠੀਕਰੀ ਪਹਿਰੇ ਲਾਉਣੇ ਚਾਹੀਦੇ ਹਨ ਕਿਉਂਕਿ ਪੁਲਸ ਆਪ ਚੋਰੀਆਂ ’ਤੇ ਕਾਬੂ ਪਾਉਣ ’ਚ ਨਾਕਾਮ ਸਾਬਤ ਹੋ ਰਹੀ ਹੈ।
ਇਸ ਸਬੰਧੀ ਪਿੰਡ ਦੀਆਂ ਔਰਤਾਂ ’ਚ ਸ਼ਾਮਲ ਮਨਪ੍ਰੀਤ ਕੌਰ, ਪਰਮਜੀਤ ਕੌਰ, ਆਸ਼ਾ ਕਿਰਨ, ਹਰਪਾਲ ਕੌਰ, ਸੁਨੀਤਾ ਰਾਣੀ, ਜਤਿੰਦਰ ਕੌਰ, ਬਿੰੰਦਰ ਜੀਤ ਕੌਰ, ਅਮਨਜੀਤ ਕੌਰ, ਅਮਨਦੀਪ ਕੌਰ, ਹਰਜਿੰਦਰ ਕੌਰ, ਜਸਮੇਲ ਕੌਰ, ਪ੍ਰਕਾਸ਼ ਪੁੰਜ ਅਤੇ ਲੀਲੀ ਦੇਵੀ ਨੇ ਦੱਸਿਆ ਕਿ ਪਿੰਡ ’ਚ ਰੋਜ਼ਾਨਾ ਚੋਰੀਆਂ ਹੋ ਰਹੀਆਂ ਸਨ ਅਤੇ ਪਿੰਡ ’ਚ ਖੇਡਣ ਵਾਲੇ ਮੈਦਾਨ ’ਚ ਰਾਤ ਵੇਲੇ ਹਨੇਰਾ ਹੋਣ ਕਰ ਕੇ ਅਨੇਕਾਂ ਗਲਤ ਅਨਸਰ ਆਮ ਦੇਖੇ ਜਾ ਸਕਦੇ ਹਨ, ਜਿਨ੍ਹਾਂ ’ਚ ਚੋਰੀ ਕਰਨ ਵਾਲਿਆਂ ਦੇ ਨਾਲ-ਨਾਲ ਨਸ਼ੇਡ਼ੀ ਵੀ ਸ਼ਾਮਲ ਹੁੰਦੇ ਹਨ। ਉਕਤ ਔਰਤਾਂ ਨੇ ਦੱਸਿਆ ਕਿ ਇਲਾਕੇ ਦੀ ਸਟਰੀਟ ਲਾਈਟ ਦਾ ਵੀ ਬੁਰਾ ਹਾਲ ਹੈ ਅਤੇ ਨਗਰ ਨਿਗਮ ਵੱਲੋਂ ਸਟਰੀਟ ਲਾਈਟ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰ ਕੇ ਵੀ ਚੋਰੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ।
ਉਨ੍ਹਾਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਨਗਰ ਨਿਗਮ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ-ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੁਲਸ ਵੱਲੋਂ ਪਿੰਡਾਂ ’ਚ ਠੀਕਰੀ ਪਹਿਲੇ ਲਾਏ ਜਾਣ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ, ਨਹੀਂ ਤਾਂ ਪਿੰਡ ਵਾਸੀ ਇਕੱਤਰ ਹੋ ਕੇ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਇਸ ਦੌਰਾਨ ਵਿਧਾਇਕ ਬੈਂਸ ਨੇ ਆਪਣੇ ਪੱਧਰ ’ਤੇ ਪੁਲਸ ਪ੍ਰਸ਼ਾਸਨ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਵੀ ਗੱਲ ਕੀਤੀ, ਜਿਨ੍ਹਾਂ ਭਰੋਸਾ ਦੁਆਇਆ ਕਿ ਜਲਦੀ ਹੀ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇਗਾ। ਵਿਧਾਇਕ ਬੈਂਸ ਨੇ ਕਿਹਾ ਕਿ ਜਿਹਡ਼ਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਸ ਕੰਮ ਨੂੰ ਕਰਨ ਲਈ ਪਿੰਡ ਦੀਆਂ ਔਰਤਾਂ ਨੂੰ ਰਾਤ ਵੇਲੇ ਠੀਕਰੀ ਪਹਿਰੇ ਲਾ ਕੇ ਕੀਤਾ ਜਾ ਰਿਹਾ ਹੈ, ਸਰਕਾਰ ਲਈ ਇਸ ਤੋਂ ਵੱਡੀ ਸ਼ਰਮਿੰਦਗੀ ਦੀ ਗੱਲ ਕੀ ਹੋ ਸਕਦੀ ਹੈ।