ਆਰਥਿਕ ਤੰਗੀ ਦੇ ਚਲਦੇ ਮਹਿਲਾ ਨੇ ਕੀਤੀ ਆਤਮ ਹੱਤਿਆ
Wednesday, Feb 19, 2020 - 03:40 PM (IST)

ਅਬੋਹਰ (ਸੁਨੀਲ) : ਅਬੋਹਰ-ਹਨੂਮਾਨਗੜ੍ਹ ਰੋਡ 'ਤੇ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਖਾਟਵਾਂ ਵਾਸੀ ਤੇ ਪੱਟੀ ਬਿੱਲਾ 'ਚ ਵਿਆਹੁਤਾ ਮਹਿਲਾ ਨੇ ਆਪਣੇ ਪਤੀ ਦੇ ਜ਼ਿਆਦਾ ਸ਼ਰਾਬ ਪੀਣ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਬੀਤੇ ਦਿਨੀਂ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਇੱਧਰ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਹੈ। ਜਾਣਕਾਰੀ ਅਨੁਸਾਰ ਕਰੀਬ 35 ਸਾਲਾ ਵਿਆਹੁਤਾ ਮਮਤਾ ਰਾਣੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੀ ਦੀ ਸ਼ਾਦੀ ਕਰੀਬ 12 ਸਾਲ ਪਹਿਲਾਂ ਪੱਟੀ ਬਿੱਲਾ ਵਾਸੀ ਸੂਰਜ ਮਲ ਦੇ ਨਾਲ ਕੀਤੀ ਸੀ। ਮ੍ਰਿਤਕਾ ਦੇ ਪਿਤਾ ਪੱਪੂਰਾਮ ਨੇ ਦੱਸਿਆ ਕਿ ਸੂਰਜ ਮਲ ਜਿਹੜਾ ਕਿ ਟਰੱਕ ਚਲਾਉਂਦਾ ਹੈ ਸ਼ਰਾਬ ਪੀਣ ਦਾ ਆਦੀ ਹੈ ਅਤੇ ਆਪਣੀ ਪਤਨੀ ਨੂੰ ਖਰਚਾ ਨਹੀਂ ਦਿੰਦਾ ਸੀ।
ਵਿਆਹ ਤੋਂ ਬਾਅਦ ਮਮਤਾ ਦੇ ਘਰ ਇਕ ਬੇਟੀ ਤੇ ਦੋ ਪੁੱਤਰਾਂ ਨੇ ਜਨਮ ਲਿਆ। ਪਿਛਲੇ ਕੁਝ ਸਮੇਂ ਤੋਂ ਉਸਦੀ ਬੇਟੀ ਭਾਰੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਕਾਰਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਜਿਸਦੇ ਚੱਲਦੇ ਬੀਤੀ ਦੁਪਹਿਰ ਉਸਨੇ ਆਪਣੇ ਘਰ 'ਚ ਫਾਹ ਲਾ ਕੇ ਆਤਮ ਹੱਤਿਆ ਕਰ ਲਈ। ਪੱਪੂਰਾਮ ਨੇ ਦੱਸਿਆ ਕਿ ਜਦੋਂ ਉਸਦੇ ਦੋਹਤੇ ਨੇ ਮਮਤਾ ਨੂੰ ਫਾਹੇ 'ਤੇ ਟੰਗਿਆ ਦੇਖਿਆ ਤਾਂ ਘਟਨਾ ਦਾ ਪਤਾ ਚਲਿਆ। ਉਸਦਾ ਰੌਲਾ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋਏ ਅਤੇ ਇਸਦੀ ਸੂਚਨਾ ਖੂਈਆਂ ਸਰਵਰ ਪੁਲਸ ਨੂੰ ਦਿੱਤੀ ਜਿਸ 'ਤੇ ਥਾਣਾ ਮੁਖੀ ਪਰਮਜੀਤ ਦੀ ਅਗਵਾਈ ਹੇਠ ਸਬ ਇੰਸਪੈਕਟਰ ਗਰੀਨਾ ਤੇ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਮਮਤਾ ਰਾਣੀ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਈ। ਇੱਧਰ ਪੁਲਸ ਨੇ ਮਮਤਾ ਦੇ ਪਿਤਾ ਪੱਪੂਰਾਮ ਤੇ ਸੂਰਜ ਮਲ ਦੇ ਬਿਆਨਾਂ 'ਤੇ 174 ਦੀ ਕਾਰਵਾਈ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।