‘ਨਾਰੀ ਤੁਝੇ ਸਲਾਮ’ : ਸਮਾਜ ਨੂੰ ਅੱਗੇ ਲਿਜਾਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਨਾਰੀ

Sunday, Mar 08, 2020 - 12:42 PM (IST)

ਅੰਮ੍ਰਿਤਸਰ (ਕਵਿਸ਼ਾ) - ਹਰ ਯੁੱਗ ’ਚ ਨਾਰੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਅਜੋਕਾ ਯੁੱਗ ਖਾਸ ਤੌਰ ’ਤੇ ਨਾਰੀ ਸਸ਼ਕਤੀਕਰਨ ਦਾ ਹੈ। ਅੱਜ ਨਾਰੀ ਹਰ ਵਰਗ ਤੇ ਹਰ ਖੇਤਰ ’ਚ ਪੁਰਸ਼ਾਂ ਤੋਂ ਪਿੱਛੇ ਨਹੀਂ ਹੈ। ਇਹ ਪੂਰੇ ਸੰਸਾਰ ਦੀਆਂ ਔਰਤਾਂ ਨੇ ਸਾਬਤ ਕੀਤਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਸਨਮਾਨ ਦਾ ਹੱਕ ਨਹੀਂ ਮਿਲਦਾ, ਜਿਸ ਲਈ ਮਹਿਲਾ ਸਸ਼ਕਤੀਕਰਨ ਜਿਹੇ ਦਿਵਸ ਮਨਾਉਣ ਦੀ ਲੋੜ ਹੈ। ਇਸ ਦੇ ਬਾਵਜੂਦ ਨਾਰੀ ਜਿਸ ਤਰ੍ਹਾਂ ਸਾਰੀਆਂ ਕਠਿਨਾਈਆਂ ਨਾਲ ਜੂਝ ਕੇ ਹਰ ਖੇਤਰ ’ਚ ਅੱਗੇ ਹੈ, ਉਸ ਨੂੰ ਦੇਖ ਕੇ ਇਕ ਹੀ ਗੱਲ ਕਹੀ ਜਾ ਸਕਦੀ ਹੈ ‘ਨਾਰੀ ਤੁਝੇ ਸਲਾਮ।’ ਇਸ ਸਬੰਧੀ ਅੰਮ੍ਰਿਤਸਰ ਦੀਆਂ ਆਪਣੇ ਖੇਤਰ ’ਚ ਸਸ਼ਕਤ ਔਰਤਾਂ ਨੇ ਆਪਣੇ ਵਿਚਾਰ ਰੱਖੇ।

ਨਾਰੀ ਦੁਰਗਾ ਦੀ ਤਰ੍ਹਾਂ ਮਜ਼ਬੂਤ
ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਦੀ ਪ੍ਰਿੰਸੀਪਲ ਨੀਰਾ ਸ਼ਰਮਾ ਅਨੁਸਾਰ ਨਾਰੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਦੁਰਗਾ ਦੀ ਤਰ੍ਹਾਂ ਮਜ਼ਬੂਤ ਹੈ। ਉਨ੍ਹਾਂ ਦੇ 2 ਹੱਥ ਦਿਖਾਈ ਜ਼ਰੂਰ ਦਿੰਦੇ ਹਨ ਪਰ 6 ਅਜਿਹੇ ਹੱਥ ਹਨ, ਜੋ ਲੁਕੇ ਹੋਣ ਦੇ ਬਾਵਜੂਦ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ। ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਾਡਾ ਭਾਰਤੀ ਸਮਾਜ ਪੁਰਖ ਪ੍ਰਧਾਨ ਹੈ, ਜਿਥੇ ਨਾਰੀ ਆਪਣੇ ਹਰ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪਤੀ ਦੀ ਮਨਜ਼ੂਰੀ ਚਾਹੁੰਦੀ ਹੈ ਪਰ ਪੁਰਸ਼ਾਂ ਦੇ ਮਾਮਲੇ ’ਚ ਅਜਿਹਾ ਨਹੀਂ ਹੈ।

ਨਾਰੀ ਪਹਿਲਾਂ ਤੋਂ ਹੀ ਮਜ਼ਬੂਤ
ਮਹਿਲਾ ਰੋਗ ਮਾਹਿਰ ਡਾ. ਪੂਜਾ ਅਨੁਸਾਰ ਨਾਰੀ ਪਹਿਲਾਂ ਤੋਂ ਹੀ ਮਜ਼ਬੂਤ ਹੈ। ਅਜਿਹੇ ’ਚ ਮਹਿਲਾ ਸਸ਼ਕਤੀਕਰਨ ਵਰਗੇ ਦਿਵਸ ਮਨਾਉਣ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਲਈ ਸਸ਼ਕਤੀਕਰਨ ਵਰਗਾ ਸ਼ਬਦ ਵੀ ਇਸਤੇਮਾਲ ਕਰਨਾ ਗਲਤ ਹੈ। ਉਨ੍ਹਾਂ ਅਨੁਸਾਰ ਨਾਰੀ ਹਰ ਖੇਤਰ ਵਿਚ ਭਾਵੇਂ ਉਹ ਕਾਮਕਾਜੀ ਜਾਂ ਘਰੇਲੂ ਔਰਤ ਹੈ ਪਰ ਪੁਰਖ ਪ੍ਰਧਾਨ ਸਮਾਜ ’ਚ ਜ਼ਰੂਰਤ ਹੈ, ਉਨ੍ਹਾਂ ਨੂੰ ਆਪਣੀ ਸ਼ਕਤੀਆਂ ਨੂੰ ਜਾਗਰੂਕ ਕਰਵਾਉਣ ਅਤੇ ਪੁਰਸ਼ਾਂ ਨੂੰ ਇਸ ਦਾ ਅਹਿਸਾਸ ਕਰਵਾਉਣ ਦੀ। ਡਾ. ਪੂਜਾ ਨੇ ਕਿਹਾ ਕਿ ਅੱਜ ਦੀ ਮਜ਼ਬੂਤ ਔਰਤ ਨੂੰ ਲੋੜ ਹੈ ਕਿ ਉਹ ਸਮਾਜ ਨੂੰ ਠੀਕ ਦਿਸ਼ਾ ਦੇਣ ’ਚ ਅਹਿਮ ਭੂਮਿਕਾ ਨਿਭਾਏ।

ਹਰ ਔਰਤ ਨੂੰ ਮਜ਼ਬੂਤ ਕਰਨ ਲਈ ਦਿਓ ਸਾਥ
ਬਿਜ਼ਨੈੱਸ ਵੂਮੈਨ ਪ੍ਰੇਰਨਾ ਖੁਰਾਣਾ ਡਾਇਰੈਕਟਰ ਖੁਰਾਣਾ ਜਿਊਲਰੀ ਹਾਊਸ ਨੇ ਕਿਹਾ ਕਿ ਨਾਰੀ ’ਚ ਬਹੁਤ ਸਾਰੀਆਂ ਸ਼ਕਤੀਆਂ ਹਨ, ਜਿਨ੍ਹਾਂ ’ਚ ਸਹਿਣ ਸ਼ਕਤੀ, ਦ੍ਰਿੜ੍ਹ ਨਿਸ਼ਚਾ, ਖੂਬਸੂਰਤੀ, ਮਜ਼ਬੂਤ ਹੋਣਾ ਕੁਝ-ਕੁ-ਖਾਸ ਸ਼ਕਤੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਉਨ੍ਹਾਂ ਇਕ ਖਾਸ ਸੁਨੇਹਾ ਸਾਰੀਆਂ ਔਰਤਾਂ ਨੂੰ ਦਿੱਤਾ ਕਿ ਸਾਨੂੰ ਹਰੇਕ ਔਰਤ ਨੂੰ ਮਜ਼ਬੂਤ ਕਰਨ ਲਈ ਇਕ-ਦੂਜੇ ਦਾ ਮਿਲਜੁਲ ਕੇ ਅਤੇ ਭਰਪੂਰ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਦੁਨੀਆ ’ਚ ਇਕ ਵੱਖਰੀ ਮਿਸਾਲ ਕਾਇਮ ਕੀਤੀ ਜਾ ਸਕੇ।

ਨਾਰੀ ਤੋਂ ਬਿਨਾਂ ਸਮਾਜ ਅਧੂਰਾ
ਸਿੱਖਿਆ ਸ਼ਾਸਤਰੀ ਜਸਮੀਤ ਨਈਅਰ ਨੇ ਕਿਹਾ ਕਿ ਨਾਰੀ ਸਸ਼ਕਤੀਕਰਨ ਉਨ੍ਹਾਂ ਦਾ ਮੂਲ ਆਧਾਰ ਹੈ, ਜਿਸ ਵਿਚ ਉਨ੍ਹਾਂ ਦਾ ਸੁਪਨਾ ਹੈ ਕਿ ਹਰ ਕੁੜੀ ਭਾਵੇਂ ਉਹ ਸਕੂਲ ’ਚ ਹੋਵੇ ਜਾਂ ਕਾਮਕਾਜੀ ਹੋਵੇ ਜਾਂ ਆਪਣੀ ਵਿਆਹੁਤਾ ਜ਼ਿੰਦਗੀ ’ਚ, ਹਰ ਤਰ੍ਹਾਂ ਨਾਲ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਸਮਾਜ ’ਚ ਜੇਕਰ ਨਾਰੀ ਨਹੀਂ ਹੈ, ਉਹ ਸਮਾਜ ਪੁਰਖ ਪ੍ਰਧਾਨ ਹੋਣ ਦੇ ਬਾਵਜੂਦ ਅਧੂਰਾ ਹੈ।

ਹਰ ਦਿਨ ਹੀ ਹੋਵੇ ਮਹਿਲਾ ਦਿਵਸ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਨੁਸਾਰ ਹਰ ਦਿਨ ਔਰਤਾਂ ਦਾ ਦਿਵਸ ਹੈ। ਔਰਤਾਂ ਹਰ ਖੇਤਰ ’ਚ ਅੱਗੇ ਹਨ। ਔਰਤ ਘਰ ਦਾ ਉਹ ਸਤੰਭ ਹੈ, ਜੋ ਘਰ ਦੇ ਕੰਮਕਾਜ ਤੋਂ ਲੈ ਕੇ ਪਰਿਵਾਰ ਦੀ ਆਰਥਿਕ ਸਹਾਇਤਾ ’ਚ ਵੀ ਪੂਰਾ ਯੋਗਦਾਨ ਦਿੰਦੀ ਹਾਂ। ਔਰਤ ਸਮਾਜ ਦਾ ਉਹ ਅੰਗ ਹੈ, ਜਿਸ ’ਤੇ ਪਰਿਵਾਰ ਤੋਂ ਲੈ ਕੇ ਹਰ ਇਕ ਨੂੰ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਨੂੰ ਮਨਾਉਣ ਦਾ ਇਕ ਦਿਵਸ ਕਿਉਂ ਬਲਕਿ ਹਰ ਦਿਨ ਹੀ ਮਹਿਲਾ ਦਿਵਸ ਹੋਵੇ।

ਸਮਾਜ ਨੂੰ ਅੱਗੇ ਲਿਜਾਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਨਾਰੀ
ਪੰਜਾਬ ਖਾਦੀ ਬੋਰਡ ਦੀ ਚੇਅਰਪਰਸਨ ਮਮਤਾ ਦੱਤਾ ਨੇ ਕਿਹਾ ਕਿ ਨਾਰੀ ਅੱਜ ਹਰ ਖੇਤਰ ’ਚ ਅੱਗੇ ਹੈ, ਕਿਸੇ ਤੋਂ ਘੱਟ ਨਹੀਂ। ਅੱਜ ਦੀ ਨਾਰੀ ਮਜ਼ਬੂਤ ਹੈ ਅਤੇ ਹਰ ਨਾਰੀ ਨੂੰ ਆਪਣੀ ਹੋਂਦ ’ਤੇ ਮਾਣ ਹੋਣਾ ਚਾਹੀਦਾ ਹੈ। ਨਾਰੀ ਮਾਤਾ ਹੈ, ਸਮਾਜ ਦਾ ਉਹ ਅੰਗ ਹੈ, ਜੋ ਸਮਾਜ ਨੂੰ ਅੱਗੇ ਲਿਜਾਣ ’ਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਨੂੰ ਨਵੇਂ ਬਜਟ ’ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਸਵਾਗਤ ਕਰਦਿਆਂ ਇਸ ਨੂੰ ਇਕ ਵਧੀਆ ਕਦਮ ਦੱਸਿਆ।


rajwinder kaur

Content Editor

Related News