ਦਿਨ-ਦਿਹਾੜੇ ਦੋ ਬੀਬੀਆਂ ਦੀ ਵੱਡੀ ਵਾਰਦਾਤ, ਲੁੱਟ ਕੇ ਲੈ ਗਈਆਂ ਲੱਖ ਰੁਪਏ

Wednesday, Jun 03, 2020 - 06:02 PM (IST)

ਦਿਨ-ਦਿਹਾੜੇ ਦੋ ਬੀਬੀਆਂ ਦੀ ਵੱਡੀ ਵਾਰਦਾਤ, ਲੁੱਟ ਕੇ ਲੈ ਗਈਆਂ ਲੱਖ ਰੁਪਏ

ਫਿਰੋਜ਼ਪੁਰ (ਭੁੱਲਰ, ਖੁੱਲਰ) : ਛਾਉਣੀ ਦੇ ਸੰਤ ਲਾਲ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਸਾਹਮਣੇ ਗਲੀ 'ਚ ਦਿਨ-ਦਿਹਾੜੇ ਸਵੇਰੇ ਕਰੀਬ 11 ਵਜੇ ਇਕ ਘਰ ਵਿਚੋਂ 2 ਜਨਾਨੀਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁੱਟ ਦਾ ਸ਼ਿਕਾਰ ਹੋਈ ਮਹਿਲਾ ਅਨੀਤਾ ਰਾਣੀ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਸੀ ਤਾਂ 2 ਨਾਮਲੂਮ ਔਰਤਾਂ ਉਸਦੇ ਘਰ ਵਿਚ ਦਾਖਲ ਹੋਈਆਂ ਅਤੇ ਉਸਦੇ ਮੂੰਹ 'ਤੇ ਰੁਮਾਲ ਰੱਖ ਕੇ ਉਸਨੂੰ ਬੇਹੋਸ਼ ਕਰ ਦਿੱਤਾ। ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਬੇਹੋਸ਼ ਸੀ ਤਾਂ ਉਕਤ 2 ਨਾਮਲੂਮ ਜਨਾਨੀਆਂ ਨੇ ਘਰ ਵਿਚ ਪਈ 1 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ ਤੇ ਜਦੋਂ ਉਹ ਬਾਹਰ ਭੱਜਣ ਲੱਗੀਆਂ ਤਾਂ ਉਸਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ਧਾਰ ਹਥਿਆਰ ਦਿਖਾ ਕੇ ਜਨਾਨੀਆਂ ਮੌਕੇ ਤੋਂ ਫਰਾਰ ਹੋ ਗਈਆਂ। 

ਉਸ ਨੇ ਦੱਸਿਆ ਕਿ ਜਦੋਂ ਉਹ ਚੰਗੀ ਤਰ੍ਹਾਂ ਹੋਸ਼ ਵਿਚ ਆਈ ਤਾਂ ਉਸਨੇ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਪੁਲਸ ਨੂੰ ਸੂਚਿਤ ਕੀਤਾ। ਉਧਰ ਥਾਣਾ ਛਾਉਣੀ ਦੀ ਪੁਲਸ ਵੀ ਘਟਨਾ ਸਥਾਨ 'ਤੇ ਪਹੁੰਚ ਗਈ ਅਤੇ ਦਿਨ ਦਿਹਾੜੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਜਨਾਨੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਬੀਬੀ ਅਨੀਤਾ ਰਾਣੀ ਪਤਨੀ ਸੁਨੀਲ ਕੁਮਾਰ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਦਿਨ ਦਿਹਾੜੇ ਅਜਿਹੀ ਘਟਨਾ ਵਾਪਰਣ ਨਾਲ ਛਾਉਣੀ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਪੁਲਸ ਵਲੋਂ ਵੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।


author

Gurminder Singh

Content Editor

Related News