ਬੱਚਾ ਚੋਰੀ ਦਾ ਮਾਮਲਾ : ਮੁਲਜ਼ਮ ਜੋੜੇ ਤੋਂ ਬਾਅਦ ਬੱਚੇ ਨੂੰ ਅੱਗੇ ਵੇਚਣ ਵਾਲੀ ਔਰਤ ਵੀ ਗ੍ਰਿਫਤਾਰ

Thursday, Apr 20, 2023 - 04:29 PM (IST)

ਬੱਚਾ ਚੋਰੀ ਦਾ ਮਾਮਲਾ : ਮੁਲਜ਼ਮ ਜੋੜੇ ਤੋਂ ਬਾਅਦ ਬੱਚੇ ਨੂੰ ਅੱਗੇ ਵੇਚਣ ਵਾਲੀ ਔਰਤ ਵੀ ਗ੍ਰਿਫਤਾਰ

ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ’ਚ ਬੱਚੇ ਨੂੰ ਚੋਰੀ ਕਰਨ ਵਾਲੇ ਜੋੜੇ ਪ੍ਰੀਤੀ ਅਤੇ ਸਾਹਿਲ ਤੋਂ ਬਾਅਦ ਹੁਣ ਪੁਲਸ ਨੇ ਤੀਜੀ ਮੁਲਜ਼ਮ ਔਰਤ ਨੂੰ ਕਾਬੂ ਕੀਤਾ ਹੈ। ਕਾਬੂ ਕੀਤੀ ਗਈ ਔਰਤ ਦੀ ਪਛਾਣ ਕੀਰਤੀ ਵਜੋਂ ਹੋਈ ਹੈ, ਜੋ ਕਿ ਇਕ ਪੈਰ ਤੋਂ ਅਪਾਹਜ ਹੈ। ਉਸ ਨੂੰ ਕੇਸ ’ਚ ਨਾਮਜ਼ਦ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ ਤਾਂ ਕਿ ਅੱਗੇ ਦੀ ਪੁੱਛਗਿੱਛ ਕੀਤੀ ਜਾ ਸਕੇ। ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਤੀ ਅਤੇ ਉਸ ਦੇ ਪਤੀ ਸਾਹਿਲ ਤੋਂ ਪੁੱਛਗਿੱਛ ’ਚ ਸਾਹਮਣੇ ਆਇਆ ਸੀ ਕਿ ਉਨ੍ਹਾਂ ਨੇ ਬੱਚਾ ਚੋਰੀ ਕਰ ਕੇ ਕੀਰਤੀ ਨਾਂ ਦੀ ਔਰਤ ਨੂੰ ਦੇਣਾ ਸੀ। ਉਸ ਨੇ ਹੀ ਬੱਚਾ ਅੱਗੇ ਵੇਚਣਾ ਸੀ। ਇਸ ਤੋਂ ਬਾਅਦ ਪੁਲਸ ਨੇ ਬੁੱਧਵਾਰ ਨੂੰ ਕੀਰਤੀ ਨੂੰ ਫੜ ਲਿਆ। ਜਾਂਚ ’ਚ ਪਤਾ ਲੱਗਾ ਹੈ ਕਿ ਉਸ ਨੇ ਬੱਚਾ ਚੋਰੀ ਕਰਨ ਲਈ ਕਿਹਾ ਸੀ ਅਤੇ ਉਸ ਨੇ ਅੱਗੇ ਗਾਹਕਾਂ ਨੂੰ ਲੱਭ ਕੇ ਬੱਚੇ ਨੂੰ 5 ਲੱਖ ’ਚ ਵੇਚਣਾ ਸੀ। ਇਸ ਤੋਂ ਇਲਾਵਾ ਮੁਲਜ਼ਮ ਔਰਤ ਦੇ ਮੋਬਾਇਲ ਦੀ ਕਾਲ ਡਿਟੇਲ ਚੈੱਕ ਕਰਵਾਈ ਜਾ ਰਹੀ ਹੈ। ਸੰਭਾਵਨਾ ਹੈ ਕਿ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਇਸ਼ਤਿਹਾਰ ਟੈਕਸ ਦੀ ਰਿਕਵਰੀ ਵਧਾਉਣ ਲਈ ਬਠਿੰਡਾ ਦਾ ਪੈਟਰਨ ਵਰਤੇਗੀ ਸਰਕਾਰ, ਜਲੰਧਰ ਤੋਂ ਹੋਵੇਗੀ ਸ਼ੁਰੂਆਤ

ਦੱਸਣਯੋਗ ਹੈ ਕਿ ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਵਲ ਹਸਪਤਾਲ ਫਿਰ ਸੁਰਖੀਆਂ ’ਚ ਆ ਗਿਆ। ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਵਿਭਾਗ ਅੰਦਰੋਂ ਤੜਕੇ ਸਵੇਰੇ ਇਕ ਜੋੜੇ ਨੇ ਨਵਜਨਮਿਆ ਬੱਚਾ ਚੋਰੀ ਕਰ ਲਿਆ ਸੀ। ਚੋਰੀ ਤੋਂ ਪਹਿਲਾਂ ਉਨ੍ਹਾਂ ਨੇ ਬੇਹੋਸ਼ੀ ਦਾ ਸਪ੍ਰੇਅ ਕੀਤਾ ਸੀ। ਬੱਚੇ ਨੂੰ ਚੁੱਕਣ ’ਚ ਜੋੜੇ ਨੇ ਆਪਣੀ 8 ਸਾਲ ਦੀ ਧੀ ਦੀ ਵਰਤੋਂ ਕੀਤੀ। ਬੱਚਾ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਰਮਨਦੀਪ ਸਿੰਘ ਭੁੱਲਰ, ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਪੁਲਸ ਪਾਰਟੀ ਦੇ ਨਾਲ ਪੁੱਜ ਗਏ। ਉਨ੍ਹਾਂ ਨੇ ਤੁਰੰਤ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਉਨ੍ਹਾਂ ਨੂੰ ਮੁਲਜ਼ਮਾਂ ਦੀ ਫੁਟੇਜ ਮਿਲ ਗਈ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਬੱਚਾ ਲੱਭਣ ਲਈ ਵੱਖ-ਵੱਖ ਟੀਮਾਂ ਲਗਾ ਦਿੱਤੀਆਂ। ਪੁਲਸ ਨੇ ਸਿਰਫ 12 ਘੰਟਿਆਂ ’ਚ ਕੇਸ ਹੱਲ ਕਰ ਕੇ ਨਵਜਨਮੇ ਬੱਚੇ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਤੇ ਚੋਰੀ ਕਰਨ ਵਾਲੇ ਜੋੜੇ ਨੂੰ ਵੀ ਕਾਬੂ ਕਰ ਲਿਆ ਹੈ। 

ਇਹ ਵੀ ਪੜ੍ਹੋ : ਮਨਰੇਗਾ : ਡੋਰ-ਟੂ-ਡੋਰ ਸਰਵੇ ਹੋਇਆ ਨਹੀਂ, 42 ਮ੍ਰਿਤਕਾਂ ਨੂੰ ਵੀ ਦੇ ਦਿੱਤਾ ਮਿਹਨਤਾਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News