ਪੁੱਤ ਤੇ ਜਵਾਈ ਨਾਲ ਮਿਲ ਕੇ ਪ੍ਰੇਮੀ ਨੂੰ ਉਤਾਰਿਆ ਮੌਤ ਦੇ ਘਾਟ, ਮੁਲਜ਼ਮ ਔਰਤ ਗ੍ਰਿਫ਼ਤਾਰ

Thursday, Apr 27, 2023 - 08:01 PM (IST)

ਫਰੀਦਕੋਟ (ਜਗਤਾਰ ਦੁਸਾਂਝ) : ਕਰੀਬ 6 ਮਹੀਨੇ ਪਹਿਲਾਂ ਰਘਬੀਰ ਕਾਲੋਨੀ ਨਿਵਾਸੀ ਨੌਜਵਾਨ ਦੀ ਲਾਸ਼ ਨਹਿਰ ਕਿਨਾਰੇ ਪਾਈ ਗਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਸੀ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਮ੍ਰਿਤਕ ਦੀ ਮੌਤ ਡੂੰਘੀਆਂ ਸੱਟਾਂ ਵੱਜਣ ਕਾਰਨ ਹੋਈ ਸੀ।

ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੂੰ ਸ਼ੱਕ ਸੀ ਕਿ ਉਸ ਦੇ ਪੁੱਤਰ ਦਾ ਕਤਲ ਕਰਕੇ ਲਾਸ਼ ਨਹਿਰ ਕਿਨਾਰੇ ਸੁੱਟੀ ਗਈ ਹੈ ਕਿਉਂਕਿ ਮ੍ਰਿਤਕ ਦੇ ਸਬੰਧ ਫਰੀਦਕੋਟ ਦੀ ਇਕ ਔਰਤ ਨਾਲ ਸਨ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ, ਜਿਸ ਵਿੱਚ ਪਾਇਆ ਗਿਆ ਕਿ ਉਕਤ ਔਰਤ ਨੇ ਹੀ ਆਪਣੇ ਪ੍ਰੇਮੀ ਦਾ ਕਤਲ ਕਰ ਆਪਣੇ ਜਵਾਈ ਤੇ ਪੁੱਤਰ ਨਾਲ ਮਿਲ ਕੇ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਦਿੱਤਾ ਸੀ। ਫਿਲਹਾਲ ਪੁਲਸ ਵੱਲੋਂ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਉਸ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪੁੱਤਰ ਅਤੇ ਜਵਾਈ ਦੀ ਭਾਲ 'ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ 50 ਲੱਖ ਲੁੱਟ ਦੀ ਵਾਰਦਾਤ ਸੁਲਝੀ, ਦੁਕਾਨ 'ਚ ਕੰਮ ਕਰਨ ਵਾਲਾ ਹੀ ਨਿਕਲਿਆ ਮਾਸਟਰਮਾਈਂਡ

PunjabKesari

ਇਸ ਮੌਕੇ ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਸਬੰਧ ਫਰੀਦਕੋਟ ਦੀ ਹੀ ਰਹਿਣ ਵਾਲੀ ਇਕ ਔਰਤ ਨਾਲ ਸਨ, ਜਿਸ ਨੇ ਆਪਣੇ ਪੁੱਤਰ ਤੇ ਜਵਾਈ ਨਾਲ ਮਿਲ ਕੇ ਉਸ ਦੇ ਪੁੱਤਰ ਦਾ ਕਤਲ ਕਰਕੇ ਲਾਸ਼ ਨਹਿਰ ਕਿਨਾਰੇ ਸੁੱਟ ਦਿੱਤੀ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਦੇ ਕਾਫ਼ੀ ਸੱਟਾਂ ਵੱਜੀਆਂ ਹੋਈਆਂ ਸਨ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਫ਼ ਹੋ ਗਿਆ ਕਿ ਉਸ ਦੀ ਮੌਤ ਸੱਟਾਂ ਵੱਜਣ ਕਾਰਨ ਹੀ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮ ਔਰਤ ਦੇ ਪੁੱਤਰ ਅਤੇ ਜਵਾਈ ਨੂੰ ਵੀ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ ਰਿਪੋਰਟ ਨੰਬਰ 28 ਜੋ ਬੀਤੀ 4 ਅਕਤੂਬਰ 2022 ਨੂੰ ਦਰਜ ਕਰਕੇ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਪੋਸਟਮਾਰਟਮ ਹੋਇਆ ਸੀ, ਪੁਲਸ ਵੱਲੋਂ ਉਸ ਵੇਲੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਸੀ ਕਿਉਂਕਿ ਮ੍ਰਿਤਕ ਦੇ ਵਾਰਿਸਾਂ ਵੱਲੋਂ ਉਸ ਵੇਲੇ ਕੋਈ ਸ਼ੱਕ ਨਾ ਹੋਣ ਦੀ ਸੂਰਤ ਵਿੱਚ ਕਿਸੇ ਦੇ ਖ਼ਿਲਾਫ਼ ਕਾਰਵਾਈ ਨਾ ਕਰਵਾਉਣ ਬਾਰੇ ਲਿਖਾਇਆ ਗਿਆ ਸੀ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਮਾਮਲੇ ’ਚ ਬਰਖ਼ਾਸਤ ASI ਇੰਦਰਜੀਤ ਸਿੰਘ ਦਾ ਸਾਥੀ ਗ੍ਰਿਫ਼ਤਾਰ, 4 ਸਾਲ ਤੋਂ ਚੱਲ ਰਿਹਾ ਸੀ ਭਗੌੜਾ

ਉਨ੍ਹਾਂ ਦੱਸਿਆ ਕਿ ਹੁਣ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਗਰੂਪ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਦੇ ਮੁਹੱਲਾ ਮਾਹੀਖਾਨਾ ਨਿਵਾਸੀ ਇਕ ਔਰਤ ਨਾਲ ਕਰੀਬ 7-8 ਸਾਲ ਤੋਂ ਨਜ਼ਦੀਕੀ ਸਬੰਧ ਸਨ ਅਤੇ ਇਸ ਨੇ ਲਾਲਚ ਜਾਂ ਕਿਸੇ ਰੰਜਿਸ਼ ਕਾਰਨ ਕਿਸੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਿਆਨ ਕਰਤਾ ਵੱਲੋਂ ਸ਼ਨਾਖਤ ਕੀਤੀ ਗਈ ਕਿ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਔਰਤ ਵੱਲੋਂ ਆਪਣੇ ਬੇਟੇ ਅਤੇ ਜਵਾਈ ਨਾਲ ਮਿਲ ਕੇ ਇਹ ਕਤਲ ਕਰਕੇ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ 4 ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ, ਜਿਸ ਦੌਰਾਨ ਕਤਲ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਜਵੇਗੀ, ਨਾਲ ਹੀ ਮੁਲਜ਼ਮ ਔਰਤ ਦੇ ਬੇਟੇ ਅਤੇ ਜਵਾਈ ਜਿਨ੍ਹਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਬਾਰੇ ਜਾਣਕਰੀ ਹਾਸਲ ਕੀਤੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News