ਨਾਕੇ ’ਤੇ ਮਹਿਲਾ ਮੁਲਾਜ਼ਮ ਨਾਲ ਨੌਜਵਾਨ ਨੇ ਕੀਤਾ ਗਲਤ ਵਿਵਹਾਰ, ਦਿੱਤੀ ਧਮਕੀ

09/02/2019 10:18:00 AM

ਜਲੰਧਰ (ਸ਼ੋਰੀ)– ਔਰਤਾਂ ਨਾਲ ਦੁਰਵਿਵਹਾਰ ਦੇ ਮਾਮਲਿਆਂ ’ਚ ਆਮ ਔਰਤਾਂ ਹੀ ਸ਼ਾਮਲ ਨਹੀਂ, ਬਲਕਿ ਇਸ ਮਾਮਲੇ ’ਚ ਹੁਣ ਵਰਦੀਧਾਰੀ ਔਰਤਾਂ ਨਾਲ ਵੀ ਸ਼ਰੇਆਮ ਸੜਕ ’ਤੇ ਦੁਰਵਿਵਹਾਰ ਕਰਨ ਵਾਲੇ ਬੇਖੌਫ ਲੋਕ ਪਿੱਛੇ ਨਹੀਂ ਹਨ। ਅਜਿਹੇ ਹੀ ਮਾਮਲੇ ’ਚ ਸਕੂਟਰੀ ਸਵਾਰ ਨੌਜਵਾਨ ਨੂੰ ਨਾਕੇ ’ਤੇ ਰੋਕਣ ’ਤੇ ਨੌਜਵਾਨ ਨੇ ਥਾਣਾ ਭਾਰਗੋ ਕੈਂਪ ਥਾਣੇ ’ਚ ਤਾਇਨਾਤ ਮਹਿਲਾ ਸਬ ਇਸਪੈਕਟਰ ਨਾਲ ਦੁਰਵਿਵਹਾਰ ਕਰਕੇ ਉਸ ਨੂੰ ਦੇਖ ਲੈਣ ਦੀ ਧਮਕੀ ਵੀ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਨੂੰ ਐਤਵਾਰ ਸਵੇਰੇ ਥਾਣੇ ’ਚ ਬੁਲਾਇਆ ਗਿਆ, ਜਿਥੇ ਉਸ ਦੇ ਪਰਿਵਾਰ ਵਾਲਿਆਂ ਨੇ ਵੀ ਪੁਲਸ ਤੋਂ ਮੁਆਫੀ ਮੰਗੀ। 

ਜਾਣਕਾਰੀ ਮੁਤਾਬਕ  ਸ਼ਨੀਵਾਰ  ਸ਼ਾਮ ਮਾਡਲ ਹਾਊਸ ਰੋਡ ਕੋਲ ਸਬ ਇੰਸਪੈਕਟਰ ਰੁਪਿੰਦਰ ਕੌਰ ਨੇ ਸਾਥੀ ਪੁਲਸ ਜਵਾਨਾਂ ਨਾਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਬਸਤੀ ਸ਼ੇਖ ਨੇੜੇ ਸੂਦ ਹਸਪਤਾਲ ਵਾਸੀ ਨੌਜਵਾਨ ਆਪਣੀ ਪਤਨੀ ਸਮੇਤ ਸਕੂਟਰੀ ’ਤੇ ਨਾਕੇ ਤੋਂ ਗੁਜ਼ਰ ਰਿਹਾ ਸੀ। ਉਸ ਨੂੰ ਪੁਲਸ ਨੇ ਰੋਕਿਆ ਅਤੇ ਉਹ ਗਲਤ ਬੋਲਦੇ ਹੋਏ ਚਲਾਨ ਤੋਂ ਬਚਣ ਲਈ ਪੁਲਸ ’ਤੇ ਦਬਾਅ ਪਾਉਣ ਲੱਗਾ। ਇਸ ਦੌਰਾਨ ਇੰਸਪੈਕਟਰ ਰੁਪਿੰਦਰ ਕੌਰ ਨੇ ਨੌਜਵਾਨ ਦੀ ਇਕ ਨਾ ਸੁਣੀ ਅਤੇ ਉਸ ਤੋਂ ਕਾਗਜ਼ਾਤ ਮੰਗੇ ਅਤੇ ਹੈਲਮੇਟ ਨਾ ਪਾਏ ਹੋਣ ਕਾਰਨ ਉਸ ਦਾ ਚਲਾਨ ਕੱਟਿਆ। ਨੌਜਵਾਨ ਸਬ ਇੰਸਪੈਕਟਰ ਨਾਲ ਗਲਤ ਤਰੀਕੇ ਨਾਲ ਗੱਲ ਕਰਨ ਲੱਗਾ ਤਾਂ ਉਸ ਦੇ ਚਲਾਨ ’ਚ ਮਿਸਬਿਹੇਵ ਦਾ ਚਲਾਨ ਵੀ ਕੱਟਿਆ ਗਿਆ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਜਾਂਦਾ-ਜਾਂਦਾ ਸਬ ਇੰਸਪੈਕਟਰ ਨੂੰ ਦੇਖ ਲੈਣ ਦੀ ਧਮਕੀ ਵੀ ਦੇ ਕੇ ਗਿਆ, ਇਸ ਬਾਰੇ ਸਬ ਇੰਸਪੈਕਟ ਰੁਪਿੰਦਰ ਕੌਰ ਨੇ ਆਪਣੇ ਐੱਸ. ਐੱਚ. ਓ. ਨੂੰ ਸਾਰੀ ਗੱਲ ਦੱਸੀ ਤਾਂ ਨੌਜਵਾਨ ਨੂੰ ਥਾਣੇ ਬੁਲਾਇਆ ਗਿਆ।

ਜਿਥੇ ਉਸ ਨੇ ਮੁਆਫੀ ਮੰਗਦੇ ਹੋਏ ਸਬ ਇੰਸਪੈਕਟਰ ਰੁਪਿੰਦਰ ਕੌਰ ਨੂੰ ਭੈਣ ਬਣਾ ਲਿਆ, ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਕਿਸੇ ਨੇ ਅਫਵਾਹ ਉਡਾ ਦਿੱਤੀ ਸੀ ਕਿ ਸਕੂਟਰੀ ਸਵਾਰ ਨੇ ਸਬ ਇੰਸਪੈਕਟਰ ਨੂੰ ਚੁੱਕ ਕੇ ਲਿਜਾਣ ਦੀ ਗੱਲ ਕਹੀ ਸੀ ਪਰ ਇਹ ਬਿਲਕੁਲ ਗਲਤ ਹੈ, ਉਸ ਨੇ ਦੇਖ ਲੈਣ ਦੀ ਧਮਕੀ ਜ਼ਰੂਰ ਦਿੱਤੀ ਸੀ। ਫਿਲਹਾਲ ਨੌਜਵਾਨ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਦੁਬਾਰਾ ਸੋਮਵਾਰ ਨੂੰ ਬੁਲਾਇਆ ਜਾਵੇਗਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਅੱਗੇ ਦੀ ਕਾਰਵਾਈ ਹੋਵੇਗੀ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਨਗਰ ਨਿਗਮ ’ਚ ਕੰਮ ਕਰਦਾ ਹੈ।


shivani attri

Content Editor

Related News