ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਬਣਾਏ ਸਬੰਧ, ਗਰਭਵਤੀ ਹੋਣ ’ਤੇ ਫ਼ਰਾਰ
Monday, May 26, 2025 - 02:06 PM (IST)

ਮੋਹਾਲੀ (ਜੱਸੀ) : ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਥਾਣਾ ਐਰੋਸਿਟੀ ਮੋਹਾਲੀ ਨੇ ਮੁਲਜ਼ਮ ’ਤੇ ਪਰਚਾ ਦਰਜ ਕਰ ਲਿਆ। ਪੀੜਤਾ ਨੇ ਮੌਲੀ ਜਾਗਰਾਂ ਚੰਡੀਗੜ੍ਹ ਵਿਖੇ ਸ਼ਿਕਾਇਤ ਦਿੱਤੀ ਅਤੇ ਮਾਮਲਾ ਮੋਹਾਲੀ ਦਾ ਹੋਣ ਕਾਰਨ ਚੰਡੀਗੜ੍ਹ ਪੁਲਸ ਨੇ ਮੁਲਜ਼ਮ ਖ਼ਿਲਾਫ਼ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਮੋਹਾਲੀ ਪੁਲਸ ਨੂੰ ਕਾਰਵਾਈ ਲਈ ਦਸਤਾਵੇਜ਼ ਭੇਜੇ ਸਨ। ਫਿਲਹਾਲ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ, ਜੋ ਮੂਲਰੂਪ ’ਚ ਲੁਧਿਆਣਾ ਦਾ ਹੈ ਅਤੇ ਇਸ ਸਮੇਂ ਸੈਕਟਰ-82 ਵਿਖੇ ਰਹਿ ਰਿਹਾ ਹੈ। ਪੀੜਤਾ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ 2019 ’ਚ ਅਮੀਨ ਨਾਂ ਦੇ ਵਿਅਕਤੀ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਪਤੀ ਨਾਲ ਉਸਦਾ ਝਗੜਾ ਰਹਿੰਦਾ ਸੀ ਤੇ ਇਸ ਕਾਰਨ ਉਸ ਦਾ ਪਤੀ ਨਾਲ 2024 ’ਚ ਤਲਾਕ ਹੋ ਗਿਆ। ਇਸ ਤੋਂ ਬਾਅਦ ਉਹ ਮਾਤਾ-ਪਿਤਾ ਨਾਲ ਰਹਿਣ ਲੱਗ ਪਈ। ਪੀੜਤਾ ਮੁਤਾਬਕ ਦਸੰਬਰ 2024 ’ਚ ਉਸ ਦੀ ਮੁਲਜ਼ਮ ਨਾਲ ਮੁਲਾਕਾਤ ਹੋਈ ਤੇ ਹੌਲੀ-ਹੌਲੀ ਮੁਲਾਕਾਤਾਂ ਦਾ ਸਿਲਸਿਲਾ ਵੱਧਦਾ ਗਿਆ ਤੇ ਉਹ ਇਕ ਚੰਗੇ ਦੋਸਤ ਬਣ ਗਏ। ਜਨਵਰੀ ਨੂੰ ਮੁਲਜ਼ਮ ਉਸ ਨੂੰ ਸੈਕਟਰ-82 ਦੇ ਹੋਟਲ ’ਚ ਲੈ ਗਿਆ ਤੇ ਮੁਲਜ਼ਮ ਨੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ।
ਉਸ ਨੇ ਮੁਲਜ਼ਮ ’ਤੇ ਵਿਸ਼ਵਾਸ਼ ਕਰਕੇ ਵਿਆਹ ਕਰਵਾਉਣ ਦੀ ਹਾਮੀ ਭਰ ਦਿੱਤੀ। ਉਸੇ ਦਿਨ ਮੁਲਜ਼ਮ ਵੱਲੋਂ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਗਏ। ਇਸ ਤੋਂ ਬਾਅਦ ਦੋਵਾਂ ’ਚ ਮੁਲਾਕਾਤਾਂ ਦਾ ਸਿਲਸਿਲਾ ਚੱਲਦਾ ਰਿਹਾ ਤੇ ਮੁਲਜ਼ਮ ਸੈਕਟਰ 82 ’ਚ ਲਿਜਾ ਕੇ ਉਸ ਨਾਲ ਵਾਰ-ਵਾਰ ਸਬੰਧ ਬਣਾਉਂਦਾ ਰਿਹਾ। ਇਕ ਦਿਨ ਉਸ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ ਤਾਂ ਉਸ ਨੇ ਇਸ ਬਾਰੇ ਮੁਲਜ਼ਮ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਮੁਲਜ਼ਮ ਉਸ ਨੂੰ ਵਿਆਹ ਕਰਵਾਉਣ ਦੇ ਲਾਅਰੇ ਲਾਉਂਦਾ ਰਿਹਾ, ਮਗਰੋਂ ਮੁਲਜ਼ਮ ਨੇ ਇਕ ਦਿਨ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।