ਵੱਡੀ ਖ਼ਬਰ: ਪ੍ਰੇਮੀ ਨਾਲ ਮਿਲ ਕੇ ਔਰਤ ਨੇ ਵੇਚਿਆ ਡੇਢ ਸਾਲ ਦਾ ਬੱਚਾ, 4 ਔਰਤਾਂ ਸਣੇ 6 ਖ਼ਿਲਾਫ਼ ਕੇਸ ਦਰਜ
Tuesday, Oct 17, 2023 - 10:48 PM (IST)
ਬਠਿੰਡਾ (ਸੁਖਵਿੰਦਰ) : ਵਿਆਹੁਤਾ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣਾ ਡੇਢ ਸਾਲ ਦਾ ਬੱਚਾ ਹਰਿਆਣਾ ਦੇ ਰਹਿਣ ਵਾਲੇ ਇਕ ਬੇਔਲਾਦ ਜੋੜੇ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਹਰਿਆਣਾ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਗੁੰਮਰਾਹ ਕਰਕੇ 1 ਲੱਖ 35 ਹਜ਼ਾਰ ਰੁਪਏ 'ਚ ਸੌਦਾ ਕੀਤਾ ਸੀ। ਪੁਲਸ ਨੇ ਮੁਲਜ਼ਮ ਔਰਤ ਦੇ ਪਤੀ ਦੀ ਸ਼ਿਕਾਇਤ ’ਤੇ 4 ਔਰਤਾਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਦੀ ਭਰਤੀ ਲਈ ਅਰਜ਼ੀਆਂ ਭਰਨ ਦੀ ਵਧੀ ਤਾਰੀਖ
ਜਾਣਕਾਰੀ ਅਨੁਸਾਰ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਭਾਰਤ ਭੂਸ਼ਣ ਨੇ ਜ਼ਿਲ੍ਹਾ ਪੁਲਸ ਕਪਤਾਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਸਾਲ 2018 ’ਚ ਸੁਖਵਿੰਦਰ ਕੌਰ ਵਾਸੀ ਪਿੰਡ ਤਾਜੋਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨਾਲ ਹੋਇਆ ਸੀ। ਉਸ ਦੇ ਘਰ 2 ਲੜਕਿਆਂ ਨੇ ਜਨਮ ਲਿਆ ਸੀ। ਇਸ ਦੌਰਾਨ ਉਸ ਦੀ ਪਤਨੀ ਨੇ ਸੁਮਨਦੀਪ ਸਿੰਘ ਵਾਸੀ ਪਿੰਡ ਬੀਬੀਵਾਲਾ ਨਾਲ ਸਬੰਧ ਬਣਾ ਲਏ, ਜਿਸ ਕਾਰਨ ਉਸ ਦੇ ਘਰ ’ਚ ਲੜਾਈ-ਝਗੜਾ ਰਹਿਣ ਲੱਗ ਪਿਆ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਲੱਗੀ ਅੱਗ, ਡਰ ਦੇ ਮਾਰੇ ਬਾਹਰ ਭੱਜੇ ਲੋਕ
ਇਸ ਦੇ ਚੱਲਦਿਆਂ ਸਾਲ 2022 'ਚ ਉਸ ਨੇ ਆਪਣੀ ਪਤਨੀ ਦੀ ਸਹਿਮਤੀ ਨਾਲ ਅਦਾਲਤ ’ਚ ਤਲਾਕ ਲਈ ਅਰਜ਼ੀ ਦਾਇਰ ਕਰ ਦਿੱਤੀ, ਜਿਸ ਕਾਰਨ ਵੱਡਾ ਲੜਕਾ ਉਸ ਕੋਲ ਰਹਿ ਗਿਆ ਅਤੇ ਛੋਟੇ ਲੜਕੇ ਨੂੰ ਉਸ ਦੀ ਪਤਨੀ ਆਪਣੇ ਨਾਲ ਲੈ ਗਈ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਪਤਾ ਲੱਗ ਲੱਗਾ ਕਿ ਉਸ ਦੀ ਪਤਨੀ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਡੇਢ ਸਾਲ ਦੇ ਛੋਟੇ ਬੱਚੇ ਨੂੰ ਹਰਿਆਣਾ ਦੇ ਸਹਾਰਨਪੁਰ ਦੇ ਵਸਨੀਕ ਇਕ ਬੇਔਲਾਦ ਜੋੜੇ ਨੂੰ ਵੇਚ ਦਿੱਤਾ ਹੈ। ਪੀੜਤ ਅਨੁਸਾਰ ਜਦ ਉਸ ਨੇ ਆਪਣੀ ਪਤਨੀ ਕੋਲੋਂ ਬੱਚੇ ਸਬੰਧੀ ਪੁੱਛਿਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : 69th National Film Awards: ਆਲੀਆ, ਕ੍ਰਿਤੀ ਬੈਸਟ ਐਕਟ੍ਰੈੱਸ, ਅੱਲੂ ਅਰਜੁਨ ਬੈਸਟ ਐਕਟਰ ਵਜੋਂ ਸਨਮਾਨਿਤ
ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਇਹ ਕੇਸ ਮਹਿਲਾ ਥਾਣਾ ਨੂੰ ਜਾਂਚ ਲਈ ਭੇਜਿਆ ਗਿਆ ਸੀ। ਉਕਤ ਮਾਮਲੇ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਸੁਖਵਿੰਦਰ ਕੌਰ ਅਤੇ ਸੁਮਨਦੀਪ ਸਿੰਘ, ਦਲਜੀਤ ਕੌਰ ਉਸ ਦੇ ਪਤੀ ਅਮਰਜੀਤ ਸਿੰਘ ਵਾਸੀ ਤਪਾ ਮੰਡੀ, ਮਨਪ੍ਰੀਤ ਕੌਰ ਵਾਸੀ ਰਾਮਪੁਰ ਚਮਾਰੂ ਜ਼ਿਲ੍ਹਾ ਪਟਿਆਲਾ, ਲਕਸ਼ਮੀ ਵਾਸੀ ਅੰਬਾਲਾ ਨਾਲ ਮਿਲ ਕੇ ਬੱਚੇ ਨੂੰ 1 ਲੱਖ 35 ਹਜ਼ਾਰ ਰੁਪਏ ’ਚ ਸਹਾਰਨਪੁਰ ਦੇ ਜੋੜੇ ਨੂੰ ਵੇਚ ਦਿੱਤਾ ਹੈ।
ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬੱਚੇ ਦੇ ਸੌਦੇ ਦੌਰਾਨ ਸੁਮਨਦੀਪ ਸਿੰਘ, ਸੁਖਵਿੰਦਰ ਕੌਰ ਦੇ ਪਤੀ ਵਜੋਂ ਪੇਸ਼ ਹੋਇਆ ਸੀ। ਉਸ ਨੇ ਇਕਰਾਰਨਾਮੇ ’ਤੇ ਭਾਰਤ ਭੂਸ਼ਣ ਦੇ ਜਾਅਲੀ ਦਸਤਖਤ ਕੀਤੇ ਸਨ। ਪੁਲਸ ਅਧਿਕਾਰੀਆਂ ਅਨੁਸਾਰ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8