ਔਰਤ ਨਾਲ ਜਬਰ-ਜ਼ਨਾਹ ਕਰਕੇ ਹੜੱਪੇ 8 ਲੱਖ, ਬਣਾਈ ਅਸ਼ਲੀਲ ਵੀਡੀਓ
Sunday, Jun 30, 2019 - 12:25 PM (IST)

ਕਪੂਰਥਲਾ (ਭੂਸ਼ਣ)— ਇਕ ਵਿਆਹੁਤਾ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਕੇ ਕੁਲ 8 ਲੱਖ ਰੁਪਏ ਹੜਪਣ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਨਾਲ ਸਬੰਧਤ ਇਕ ਵਿਆਹੁਤਾ ਔਰਤ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਬੀਤੇ ਸਾਲ ਉਸ ਦੇ ਸੰਪਰਕ 'ਚ ਮੈਡੀਕਲ ਦੁਕਾਨ 'ਚ ਕੰਮ ਕਰਨ ਵਾਲਾ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਤਲਵੰਡੀ ਚੌਧਰੀਆਂ (ਜੋ ਕਿ ਅੱਜਕਲ ਜ਼ਿਲਾ ਤਰਨਤਾਰਨ 'ਚ ਰਹਿੰਦਾ ਹੈ) ਆਇਆ ਸੀ। ਉਕਤ ਮੁਲਜ਼ਮ ਨੇ ਉਸ ਨੂੰ ਵਰਗਲਾ ਕੇ ਆਪਣੇ ਜਾਲ 'ਚ ਫਸਾਉਂਦੇ ਹੋਏ ਉਸ ਦੇ ਨਾਲ ਸਰੀਰਕ ਸਬੰਧ ਬਣਾ ਲਏ ਸਨ।
ਬਾਅਦ 'ਚ ਮੁਲਜ਼ਮ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ। ਜਿਸ ਦੌਰਾਨ ਮੁਲਜ਼ਮ ਇਸ ਅਸ਼ਲੀਲ ਵੀਡੀਓ ਨੂੰ ਫੇਸਬੁੱਕ ਅਤੇ ਵਟਸਐਪ 'ਤੇ ਪਾਉਣ ਦੀਆਂ ਧਮਕੀਆਂ ਦੇਣ ਲੱਗਾ ਅਤੇ ਉਕਤ ਮੁਲਜ਼ਮ ਨੇ ਉਸ ਤੋਂ ਸਮੇਂ-ਸਮੇਂ 'ਤੇ ਕੁਲ 8 ਲੱਖ ਰੁਪਏ ਦੀ ਰਕਮ ਲੈ ਲਈ। ਜਿਸ ਦੌਰਾਨ ਮੁਲਜ਼ਮ ਉਸ ਨੂੰ ਲਗਾਤਾਰ ਧਮਕੀਆਂ ਦਿੰਦਾ ਰਿਹਾ ਅਤੇ ਉਸ ਨਾਲ ਮੁਲਜ਼ਮ ਨੇ ਡਰਾ ਧਮਕਾ ਕੇ ਜਬਰ-ਜ਼ਨਾਹ ਵੀ ਕੀਤਾ। ਜਿਸ ਤੋਂ ਦੁਖੀ ਹੋ ਕੇ ਉਸ ਨੇ ਐੱਸ. ਐੱਸ. ਪੀ. ਦੇ ਸਾਹਮਣੇ ਇਨਸਾਫ ਦੀ ਗੁਹਾਰ ਲਗਾਈ। ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ । ਜਾਂਚ ਦੌਰਾਨ ਮੁਲਜ਼ਮ ਗੁਰਵਿੰਦਰ ਸਿੰਘ ਖਿਲਾਫ ਲੱਗੇ ਸਾਰੇ ਦੋਸ਼ ਸਹੀ ਪਾਏ ਗਏ। ਜਿਸ ਦੇ ਆਧਾਰ 'ਤੇ ਗੁਰਵਿੰਦਰ ਸਿੰਘ ਖਿਲਾਫ ਥਾਣਾ ਤਲਵੰਡੀ ਚੌਧਰੀਆਂ 'ਚ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਉਸ ਦੀ ਤਲਾਸ਼ ਵਿਚ ਛਾਪੇਮਾਰੀ ਜਾਰੀ ਹੈ ।