ਸੁਹਰੇ ਵੱਲੋਂ ਵਿਧਵਾ ਨੂੰਹ ਨਾਲ ਛੇੜਛਾੜ ਕਰਨ ਦੇ ਦੋਸ਼ ''ਚ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

Thursday, Apr 05, 2018 - 03:23 PM (IST)

ਸੁਹਰੇ ਵੱਲੋਂ ਵਿਧਵਾ ਨੂੰਹ ਨਾਲ ਛੇੜਛਾੜ ਕਰਨ ਦੇ ਦੋਸ਼ ''ਚ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

ਫਾਜ਼ਿਲਕਾ (ਲੀਲਾਧਰ, ਨਾਗਪਾਲ)— ਸਥਾਨਕ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਦੀ ਕੋਰਟ ਨੇ ਇਕ ਡਾਕਟਰ ਨੂੰ ਆਪਣੀ ਵਿਧਵਾ ਨੂੰਹ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ 2 ਸਾਲ ਦੀ ਕੜੀ ਜੇਲ ਦੀ ਸਜ਼ਾ ਅਤੇ 3000 ਰੁਪਏ ਜ਼ੁਰਮਾਨਾ ਕੀਤਾ ਹੈ। ਚੀਫ ਜੁਡੀਸ਼ਿਅਲ ਮਜਿਸਟ੍ਰੇਟ ਮਾਣਯੋਗ ਅਮਿਤ ਕੁਮਾਰ ਗਰਗ ਨੇ ਇਸ ਮਾਮਲੇ 'ਚ ਫੈਸਲਾ ਦਿੰਦੇ ਹੋਏ ਦੋਸ਼ੀ ਡਾ. ਸ਼ਾਮ ਲਾਲ ਠੱਕਰ ਨੂੰ ਆਪਣੀ ਵਿਧਵਾ ਨੂੰਹ ਨਾਲ ਛੇੜਛਾੜ ਕਰਨ 'ਤੇ ਆਈ. ਪੀ. ਸੀ. ਦੀ ਧਾਰਾ 354 ਦੇ ਤਹਿਤ 1 ਸਾਲ ਦੀ ਕੜੀ ਜੇਲ ਦੀ ਸਜ਼ਾ ਅਤੇ 2000 ਰੁਪਏ ਜ਼ੁਰਮਾਨਾ, ਧਾਰਾ 354 ਏ. ਦੇ ਤਹਿਤ ਵੀ 1 ਸਾਲ ਦੀ ਕੜੀ ਜੇਲ ਦੀ ਸਜ਼ਾ ਅਤੇ 1000 ਰੁਪਏ ਜੁਰਮਾਨਾ ਕੀਤਾ ਹੈ। ਜ਼ੁਰਮਾਨਾ ਨਾ ਦੇਣ ਦੀ ਹਾਲਤ 'ਚ ਦੋਵੇਂ ਮਾਮਲਿਆਂ 'ਚ ਡਾ. ਠੱਕਰ ਨੂੰ 10-10 ਦਿਨ ਦੀ ਸਜ਼ਾ ਹੋਰ ਭੁਗਤਨੀ ਪਵੇਗੀ। ਫੈਸਲੇ ਮੁਤਾਬਕ ਦੋਵੇਂ ਸਜ਼ਾਵਾਂ ਇਕੋ ਨਾਲ ਚਲਣਗੀਆਂ। 
ਫਿਰੋਜ਼ਪੁਰ ਵਾਸੀ ਰਮੇਸ਼ ਕੁਮਾਰ ਦੀ ਪੀੜਤ ਬੇਟੀ ਨੇ ਸਿਟੀ ਪੁਲਸ ਫਾਜ਼ਿਲਕਾ ਕੋਲ ਐੱਫ. ਆਈ. ਆਰ. ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 30 ਜਨਵਰੀ 2005 ਨੂੰ ਫਾਜ਼ਿਲਕਾ ਵਾਸੀ ਡਾ. ਸ਼ਾਮ ਲਾਲ ਠੱਕਰ ਦੇ ਬੇਟੇ ਗੋਰਵ ਠੱਕਰ ਨਾਲ ਹੋਇਆ ਸੀ। ਉਸ ਦੇ ਪਤੀ ਗੋਰਵ ਠੱਕਰ ਦੀ 7 ਮਾਰਚ 2010 ਨੂੰ ਇਕ ਸੜਕ ਹਾਦਸੇ 'ਚ ਦੁਖਦਾਈ ਮੌਤ ਹੋ ਗਈ ਅਤੇ ਉਸ ਸਮੇਂ ਉਸ ਕੋਲ ਦੋ ਛੋਟੇ ਬੇਟੇ ਸਨ। ਉਸ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਸਹੁਰੇ ਘਰ ਰਹਿਣ ਦਾ ਫੈਸਲਾ ਕੀਤਾ ਪਰ ਕੁਝ ਸਮੇਂ ਬਾਅਦ ਸ਼ਾਮ ਲਾਲ ਠੱਕਰ ਨੇ ਪੀੜਤਾ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਜਿਸ 'ਤੇ ਪੀੜਤਾ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਸਹੁਰੇ ਡਾ. ਸ਼ਾਮ ਲਾਲ ਠੱਕਰ ਨੇ ਉਸ ਦੀ ਇੱਜਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਅਧਿਕਾਰੀਆਂ ਵੱਲੋਂ ਵੱਖ-ਵੱਖ ਪੱਧਰ 'ਤੇ ਜਾਂਚ ਕਰਨ ਤੋਂ ਬਾਅਦ ਸ਼ਾਮ ਲਾਲ ਠੱਕਰ ਖਿਲਾਫ ਸਿਟੀ ਪੁਲਸ ਫਾਜ਼ਿਲਕਾ 'ਚ ਧਾਰਾ 354, 354-ਏ ਅਤੇ 354-ਡੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। 
ਮਾਣਯੋਗ ਮਜਿਸਟ੍ਰੇਟ ਨੇ ਆਪਣੇ ਫੈਸਲੇ 'ਚ ਕਿਹਾ ਹੈ ਕਿ ਦੋਸ਼ੀ ਸ਼ਾਮ ਲਾਲ ਨੇ ਗੰਭੀਰ ਅਧਰਾਧ ਕੀਤਾ ਹੈ ਇਸ ਲਈ ਉਸ ਨੂੰ ਕਿਸੇ ਤਰ੍ਹਾਂ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਪੀੜਤਾ ਦੇ ਪਿਤਾ ਰਮੇਸ਼ ਚੰਦਰ ਨੇ ਦੱਸਿਆ ਹੈ ਕਿ ਡਾ. ਠੱਕਰ ਨੂੰ ਪਹਿਲਾਂ ਵੀ ਉਸ ਦੀ ਬੇਟੀ (ਸ਼ਾਮ ਲਾਲ ਦੀ ਨੂੰਹ) ਦੇ ਨਾਲ ਠੱਗੀ ਦੇ ਮਾਮਲੇ 'ਚ ਨਵੰਬਰ 2016 ਨੂੰ ਇਕ ਸਾਲ ਦੀ ਸਜ਼ਾ ਹੋ ਚੁੱਕੀ ਹੈ।


Related News