ਮੈਕਸ ਹਸਪਤਾਲ ਨੇ ਔਰਤ ਨੂੰ ਦੱਸਿਆ ਕੋਰੋਨਾ ਪਾਜ਼ੇਟਿਵ ਪਰ PGI ਦੀ ਰਿਪੋਰਟ ਆਈ ਨੈਗੇਟਿਵ
Sunday, May 31, 2020 - 01:31 PM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਦੀ 91 ਸਾਲ ਦੀ ਮਾਂ ਨੂੰ ਗਰਦਨ ਦੀ ਹੱਡੀ ਦੇ ਇਲਾਜ ਲਈ ਮੋਹਾਲੀ ਦੇ ਮੈਕਸ ਹਸਪਤਾਲ ’ਚ ਭਰਤੀ ਕੀਤਾ ਗਿਆ ਸੀ, ਜਿੱਥੇ ਬੁੱਧਵਾਰ ਨੂੰ ਡਾਕਟਰਾਂ ਨੇ ਔਰਤ ਦਾ ਕੋਰੋਨਾ ਸੈਂਪਲ ਲਿਆ ਸੀ ਅਤੇ ਪਰਿਵਾਰ ਨੂੰ ਦੱਸਿਆ ਗਿਆ ਕਿ ਔਰਤ ਕੋਰੋਨਾ ਪਾਜ਼ੇਟਿਵ ਹੈ। ਪਰਿਵਾਰ ਹੈਰਾਨ ਸੀ ਕਿ ਬਜ਼ੁਰਗ ਮਾਂ ਘਰ ਤੋਂ ਬਾਹਰ ਗਈ ਹੀ ਨਹੀਂ ਅਤੇ ਪਰਿਵਾਰ ਤੋਂ ਇਲਾਵਾ ਕਿਸੇ ਦੇ ਸੰਪਰਕ ’ਚ ਨਹੀਂ ਰਹੀ ਤਾਂ ਕੋਰੋਨਾ ਪਾਜ਼ੇਟਿਵ ਕਿਵੇਂ ਹੋ ਸਕਦੀ ਹੈ? ਔਰਤ ਦੇ ਬੇਟੇ ਨੇ ਮਾਂ ਦਾ ਪੀ. ਜੀ. ਆਈ. ਤੋਂ ਕੋਰੋਨਾ ਟੈਸਟ ਕਰਵਾਇਆ, ਜਿਸ ਦੀ ਸ਼ੁੱਕਰਵਾਰ ਸ਼ਾਮ ਨੂੰ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ ਪਹਿਲਾਂ ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਪੁੱਤਰ, ਨੂੰਹ ਅਤੇ ਪੋਤਰੇ ਸਮੇਤ ਘਰ ਦੇ ਨੌਕਰ ਨੂੰ ਵੀ ਸੈਕਟਰ-16 ਹਸਪਤਾਲ ’ਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਦੀ ਵੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ ਪਰ ਸਾਰਿਆਂ ਨੂੰ 14 ਦਿਨ ਤੱਕ ਇਕਾਂਤਵਾਸ ਰਹਿਣਾ ਹੋਵੇਗਾ। 91 ਸਾਲ ਦੀ ਔਰਤ ਅਜੇ ਵੀ ਮੈਕਸ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭਰਤੀ ਹੈ, ਜਿਨ੍ਹਾਂ ਦੀ ਗਰਦਨ ਦੀ ਸਰਜਰੀ ਹੋਣੀ ਹੈ।
ਇਹ ਵੀ ਪੜ੍ਹੋ : 2 ਦਿਨਾਂ ਦੀ ਰਾਹਤ ਤੋਂ ਬਾਅਦ ਬਾਪੂਧਾਮ 'ਚ ਫਿਰ 2 ਕੋਰੋਨਾ ਕੇਸਾਂ ਦੀ ਪੁਸ਼ਟੀ
ਪੀ. ਜੀ. ਆਈ. ਦੀ ਰਿਪੋਰਟ ਹੀ ਮੰਨਣਯੋਗ
ਪੀ. ਜੀ. ਆਈ. ਦੇ ਬੁਲਾਰੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਸੈਕਟਰ-15 ਦੀ 91 ਸਾਲ ਦੀ ਔਰਤ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪਰਿਵਾਰ ਦੇ ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ ਹੋਣ ਦੀ ਪੁਸ਼ਟੀ ਪੀ. ਜੀ. ਆਈ. ਨੇ ਕੀਤੀ ਹੈ। ਮੈਕਸ ਹਸਪਤਾਲ ਨੇ ਔਰਤ ਦੇ ਸੈਂਪਲ ਦਿੱਲੀ ਦੇ ਸਾਕੇਤ ’ਚ ਸਥਿਤ ਆਪਣੇ ਹਸਪਤਾਲ ’ਚ ਭੇਜੇ ਸਨ, ਜਿਥੋਂ ਰਿਪੋਰਟ ਪਾਜ਼ੇਟਿਵ ਭੇਜੀ ਗਈ। ਇਸ ਦਾ ਵਟਸਐਪ ਮੈਸੇਜ਼ ਹੀ ਹਸਪਤਾਲ ’ਚ ਭੇਜਿਆ ਗਿਆ ਸੀ। ਇਸ ਸਬੰਧੀ ਸਿਹਤ ਸਕੱਤਰ ਦਾ ਕਹਿਣਾ ਹੈ ਕਿ ਪੀ. ਜੀ. ਆਈ. ਦੀ ਰਿਪੋਰਟ ਹੀ ਮੰਨਣਯੋਗ ਹੈ, ਜਿਸ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾਂਦੀ ਹੈ। ਔਰਤ ਦੇ ਵਕੀਲ ਬੇਟੇ ਨੇ ਮੈਕਸ ਦੀ ਟੈਸਟ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਪੇਸ਼ ਆਈ ਪਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀ. ਜੀ. ਆਈ. ਨੇ ਸਥਿਤੀ ਸਾਫ਼ ਕਰ ਦਿੱਤੀ, ਨਹੀਂ ਤਾਂ ਮੈਕਸ ’ਚ ਉਨ੍ਹਾਂ ਦੀ ਮਾਂ ਦਾ ਕੋਰੋਨਾ ਇਲਾਜ ਹੀ ਹੁੰਦਾ ਰਹਿੰਦਾ।
ਇਹ ਵੀ ਪੜ੍ਹੋ : PGI 'ਚ ਬਿਨਾਂ ਪੀ. ਪੀ. ਈ. ਕਿੱਟਾਂ ਦੇ ਕੀਤਾ ਆਪਰੇਸ਼ਨ, ਸਟਾਫ 'ਤੇ ਮੰਡਰਾਇਆ ਖਤਰਾ