ਨੂੰਹ-ਸੱਸ ਵਿਚਾਲੇ ਹੋਈ ਤੂੰ-ਤੂੰ ਮੈਂ-ਮੈਂ ਦਾ ਨੂੰਹ ਨੇ ਦਿੱਤਾ ਖ਼ੌਫ਼ਨਾਕ ਅੰਜਾਮ, ਦਿਓਰ ਵੀ ਗਿਆ ਰਗੜਿਆ

07/19/2020 4:50:58 PM

ਵਲਟੋਹਾ (ਗੁਰਮੀਤ)— ਸਰਹੱਦੀ ਕਸਬਾ ਵਲਟੋਹਾ ਵਿਖੇ ਨੂੰਹ-ਸੱਸ ਦਰਮਿਆਨ ਹੋਈ ਤੂੰ-ਤੂੰ-ਮੈਂ ਮੈਂ ਤੋਂ ਬਾਅਦ ਨੂੰਹ ਵੱਲੋਂ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਸੱਸ ਅਤੇ ਦਿਓਰ ਦੀ ਬੇਰਹਿਮੀ ਨਾਲ  ਕੁੱਟਮਾਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਵਲਟੋਹਾ ਪੁਲਸ ਨੇ 15 ਵਿਅਕਤੀਆਂ ਖ਼ਿਲਾਫ਼  ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਮੁਖਤਿਆਰ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ ਉਸ ਦਾ ਭਰਾ ਨਿਸ਼ਾਨ ਸਿੰਘ ਫ਼ੌਜ 'ਚ ਨੌਕਰੀ ਕਰਦਾ ਹੈ ਅਤੇ ਇਸ ਸਮੇਂ ਸਰਹੱਦ 'ਤੇ ਦੇਸ਼ ਦੀ ਰਾਖੀ ਲਈ ਤਾਇਨਾਤ ਹੈ।

ਬੀਤੀ ਸ਼ਾਮ ਮੇਰੀ ਭਰਜਾਈ ਮਨਦੀਪ ਕੌਰ ਪਤਨੀ ਨਿਸ਼ਾਨ ਸਿੰਘ ਦੀ ਮੇਰੀ ਮਾਤਾ ਨਾਲ ਮਾਮੂਲੀ ਤੂੰ-ਤੂੰ-ਮੈਂ ਮੈਂ ਹੋ ਗਈ। ਜਿਸ ਤੋਂ ਬਾਅਦ ਤੈਸ਼ 'ਚ ਆ ਕੇ ਮੇਰੀ ਭਰਜਾਈ ਨੇ ਫੋਨ ਕਰਕੇ ਆਪਣੇ ਪੇਕੇ ਪਰਿਵਾਰ ਨੂੰ ਸੱਦ ਲਿਆ ਅਤੇ ਕਰੀਬ 10 ਵਜੇ ਸੰਦੀਪ ਸਿੰਘ, ਮਾਟੋ, ਗੋਰਾ, ਕਾਲਾ, ਗੁਰਦਿਆਲ ਸਿੰਘ, ਬਿੰਦਰ ਕੌਰ, ਰਾਜ ਕੌਰ, ਭੋਲੀ ਆਪਣੇ 6-7 ਅਣਪਛਾਤੇ ਵਿਅਕਤੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਆਉਂਦਿਆਂ ਹੀ ਸਾਡੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।

ਲਵਪ੍ਰੀਤ ਨੇ ਅੱਗੇ ਦੱਸਿਆ ਕਿ ਜਦ ਅਸੀਂ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਮਾਤਾ ਦੇ ਵੀ ਕੱਪੜੇ ਪਾੜ ਦਿੱਤੇ। ਸਾਡੇ ਵੱਲੋਂ ਰੌਲਾ ਪਾਉਣ 'ਤੇ ਉਕਤ ਵਿਅਕਤੀ ਧਮਕੀਆਂ ਦਿੰਦੇ ਹੋਏ ਉਥੋਂ ਫਰਾਰ ਹੋ ਗਏ ਅਤੇ ਮੇਰੇ ਤਾਏ ਦੇ ਲੜਕੇ ਨੇ ਮੈਨੂੰ ਇਲਾਜ ਲਈ ਸਰਕਾਰੀ ਹਸਪਤਾਲ ਖੇਮਕਰਨ ਵਿਖੇ ਦਾਖਲ ਕਰਵਾਇਆ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ।

ਇਸ ਸਬੰਧੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਸੁਖਵਿੰਦਰ ਸਿੰਘ, ਮਾਟੋ ਪੁੱਤਰ ਗੁਰਦਿਆਲ ਸਿੰਘ, ਕਾਲਾ ਪੁੱਤਰ ਗੁਰਦਿਆਲ ਸਿੰਘ, ਗੁਰਦਿਆਲ ਸਿੰਘ, ਬਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ, ਰਾਜ ਕੌਰ ਪਤਨੀ ਕਾਲਾ ਸਿੰਘ, ਭੋਲੀ ਪਤਨੀ ਮਾਟੋ ਵਾਸੀਆਨ ਮਾੜੀਮੇਘਾ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰਤ 98 ਧਾਰਾ 324/323/354/148/149 ਆਈ.ਪੀ. ਸੀ. ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  


shivani attri

Content Editor

Related News