ਫ਼ਾਜ਼ਿਲਕਾ ''ਚ ਹੋ ਗਿਆ ਐਨਕਾਊਂਟਰ! ਦੋਹਾਂ ਪਾਸਿਓਂ ਚੱਲੀਆਂ ਗੋਲ਼ੀਆਂ
Friday, Nov 27, 2026 - 08:39 PM (IST)
ਫ਼ਾਜ਼ਿਲਕਾ (ਕ੍ਰਿਸ਼ਨ): ਫ਼ਾਜ਼ਿਲਕਾ ਪੁਲਸ ਅਤੇ ਇਕ ਲੋੜੀਂਦੇ ਮੁਲਜ਼ਮ ਵਿਚਾਲੇ ਹੋਏ ਕਥਿਤ ਮੁਕਾਬਲੇ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਸ ਨੇ ਮੌਕੇ ਤੋਂ ਮੁਲਜ਼ਮ ਪਾਸੋਂ ਇਕ ਗਲੌਕ ਪਿਸਤੌਲ, ਇਕ .30 ਬੋਰ ਪਿਸਤੌਲ ਅਤੇ ਇਕ ਦੇਸੀ ਕੱਟਾ ਸਮੇਤ ਕੁੱਲ ਤਿੰਨ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੀ 25 ਨਵੰਬਰ 2026 ਨੂੰ ਮਨਪ੍ਰੀਤ ਸਿੰਘ ਪੁੱਤਰ ਅਸ਼ੋਕ ਸਿੰਘ ਵਾਸੀ ਚੱਕ ਕਾਠਗੜ੍ਹ (ਥਾਣਾ ਅਮੀਰ ਖਾਸ) ਵੱਲੋਂ ਆਪਣੇ ਹੀ ਪਿੰਡ ਦੇ ਇਕ ਵਿਅਕਤੀ 'ਤੇ ਫਾਇਰਿੰਗ ਕੀਤੀ ਗਈ ਸੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਲਜ਼ਮ ਵਿਰੁੱਧ ਐੱਫ.ਆਈ.ਆਰ. ਨੰਬਰ 241 ਮਿਤੀ 27.11.2026 ਅਧੀਨ ਧਾਰਾ 109, 3(5) ਬੀ.ਐੱਨ.ਐੱਸ. (BNS) ਅਤੇ 25 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਜਦੋਂ ਪੁਲਸ ਪਾਰਟੀ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ, ਤਾਂ ਮੁਲਜ਼ਮ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਸ ਪਾਰਟੀ 'ਤੇ ਸਿੱਧੀ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਇਕ ਗੋਲੀ ਪੁਲਸ ਦੀ ਗੱਡੀ 'ਤੇ ਜਾ ਲੱਗੀ। ਪੁਲਸ ਪਾਰਟੀ ਨੇ ਸਵੈ-ਰੱਖਿਆ ਵਿਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਮਨਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਤਿੰਨ ਅਪਰਾਧਿਕ ਮੁਕੱਦਮੇ ਦਰਜ ਹਨ। ਇਨ੍ਹਾਂ ਵਿਚ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਐੱਫ.ਆਈ.ਆਰ. ਨੰਬਰ 14/2025 (ਧਾਰਾ 118, 119, 190, 191(3), 303(2), 318(1), 324(2), 351(2) BNS), ਐੱਫ.ਆਈ.ਆਰ. ਨੰਬਰ 64/2026 (ਧਾਰਾ 304 BNS) ਅਤੇ ਥਾਣਾ ਗੁਰੂ ਹਰ ਸਹਾਏ (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਦਰਜ ਐੱਫ.ਆਈ.ਆਰ. ਨੰਬਰ 193/2026 (ਧਾਰਾ 21, 29, 61/85 ਐੱਨ.ਡੀ.ਪੀ.ਐੱਸ. ਐਕਟ) ਸ਼ਾਮਲ ਹਨ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।
