ਸੱਸ ਤੇ ਪਤੀ ਦੀ ਤਸ਼ੱਦਦ ਦਾ ਸ਼ਿਕਾਰ ਔਰਤ ਦੀ ਪੁਲਸ ਨੇ ਵੀ ਕੀਤੀ ਕੁੱਟਮਾਰ (ਵੀਡੀਓ)
Tuesday, Oct 01, 2019 - 10:43 AM (IST)
ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ 'ਚ ਇਕ ਮਾਂ ਵਲੋਂ ਆਪਣੇ ਪਤੀ ਅਤੇ ਸੱਸ 'ਤੇ ਉਸ ਦੀ ਧੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਦਾਜ ਦੀ ਖਾਤਰ ਉਸ ਦੀ ਕੁੱਟਮਾਰ ਕਰਦਾ ਸੀ ਅਤੇ ਦਾਜ ਨਾ ਲਿਆਉਣ ਦੀ ਸੂਰਤ 'ਚ ਉਸ ਨੂੰ ਗਲਤ ਕੰਮ ਕਰਨ ਲਈ ਉਸ 'ਤੇ ਦਬਾਅ ਪਾਇਆ ਜਾ ਰਿਹਾ ਸੀ। ਸਹੁਰੇ ਪਰਿਵਾਰ ਤੋਂ ਤੰਗ ਆ ਕੇ ਉਹ ਆਪਣੀ ਧੀ ਨੂੰ ਲੈ ਕੇ ਪੇਕੇ ਘਰ ਆ ਗਈ। ਉਸ ਨੇ ਦੱਸਿਆ ਕਿ ਉਸ ਦੀ ਸੱਸ ਅਤੇ ਪਤੀ ਪੇਕੇ ਘਰੋਂ ਉਸ ਦੀ ਧੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ, ਜਦੋਂ ਉਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਦੋਵੇਂ ਦੋਸ਼ੀ ਉਨ੍ਹਾਂ ਨੂੰ ਗਾਲਾਂ ਕੱਢਦੇ ਥਾਣੇ 'ਚ ਵੜ ਗਏ। ਥਾਣੇ ਪਹੁੰਚਣ 'ਤੇ ਪੁਲਸ ਨੇ ਪਤੀ ਅਤੇ ਸੱਸ ਦੇ ਕਹਿਣ 'ਤੇ ਮਾਂ-ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀੜਤ ਔਰਤ ਨੇ ਦੋਸ਼ ਲਾਇਆ ਕਿ ਕਈ ਦਿਨ ਬੀਤ ਜਾਣ ਮਗਰੋਂ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਨਾ ਉਨ੍ਹਾਂ ਦੀ ਸੁਣਵਾਈ ਕੀਤੀ।
ਪੱਤਰਕਾਰਾਂ ਵਲੋਂ ਇਸ ਸਬੰਧੀ ਗਿੱਦੜਬਾਹਾ ਦੇ ਡੀ.ਐੱਸ.ਪੀ. ਗੁਰਤੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਛੋਟਾ-ਮੋਟਾ ਮਾਮਲਾ ਦੱਸਦੇ ਹੋਏ ਉਕਤ ਥਾਣੇ 'ਚ ਸੰਪਰਕ ਕਰਨ ਦੀ ਗੱਲ ਆਖੀ। ਦੂਜੇ ਪਾਸੇ ਸਮਾਗਮ 'ਚ ਪਹੁੰਚੀ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਜਦੋਂ ਪੀੜਤ ਮਹਿਲਾ ਰਾਣੀ ਨੇ ਆਪਣਾ ਦੁੱਖ ਦੱਸਿਆ ਤਾਂ ਉਨ੍ਹਾਂ ਐੱਸ.ਐੱਚ.ਓ. ਕ੍ਰਿਸ਼ਨ ਕੁਮਾਰ ਨੂੰ ਇਸ ਮਾਮਲੇ 'ਚ ਤੁਰੰਤ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਇਸ ਮਾਮਲੇ 'ਤੇ ਕੀ ਕਾਰਵਾਈ ਕਰਦਾ ਹੈ।