112 ਕਿੱਲੋ ਦੀ ਔਰਤ ਨੇ ਪੌਣੇ ਪੰਜ ਕਿੱਲੋ ਦੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਹੈਰਾਨ

Saturday, Jan 25, 2020 - 11:15 AM (IST)

112 ਕਿੱਲੋ ਦੀ ਔਰਤ ਨੇ ਪੌਣੇ ਪੰਜ ਕਿੱਲੋ ਦੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਹੈਰਾਨ

ਬੰਗਾ (ਚਮਨ ਲਾਲ/ਰਾਕੇਸ਼/ਭਾਰਤੀ/ਪੂਜਾ, ਮੂੰਗਾ)— ਬੰਗਾ-ਫਗਵਾੜਾ ਮੁੱਖ ਮਾਰਗ 'ਤੇ ਸਥਾਪਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਕ ਮਹਿਲਾ ਵੱਲੋਂ ਪੌਣੇ ਪੰਜ ਕਿਲੋਗ੍ਰਾਮ ਦੇ ਬੱਚੇ ਨੂੰ ਜਨਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਡਾ. ਚਾਂਦਨੀ ਬੱਗਾ ਐੱਮ. ਐੱਸ. (ਔਰਤਾਂ ਦੀਆਂ ਬੀਮਾਰੀਆਂ ਅਤੇ ਜਣੇਪੇ ਦੇ ਮਾਹਿਰ) ਕੋਲ ਪਿੰਡ ਕਲੇਰਾਂ ਤੋਂ ਰਣਜੀਤ ਕੌਰ ਪਤਨੀ ਦਲਜੀਤ ਸਿੰਘ ਆਪਣੇ ਜਣੇਪੇ ਲਈ ਆਏ। ਭਾਵੇਂ ਕਿ ਡਾਕਟਰ ਸਾਹਿਬ ਕੋਲ ਰਣਜੀਤ ਕੌਰ ਦਾ ਇਲਾਜ ਆਰੰਭ ਤੋਂ ਹੀ ਚੱਲ ਰਿਹਾ ਸੀ ਪਰ ਮਰੀਜ਼ ਦੇ 112 ਕਿਲੋਗ੍ਰਾਮ ਵਜ਼ਨ ਅਤੇ ਉਨ੍ਹਾਂ ਦੀ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਜਣੇਪੇ ਲਈ ਵਿਸ਼ੇਸ਼ ਚੈੱਕਅੱਪ ਵੀ ਕੀਤਾ ਗਿਆ।

ਬੱਚੇ ਦਾ ਇੰਨਾ ਭਾਰ ਦੇਖ ਡਾਕਟਰ ਵੀ ਹੋਏ ਹੈਰਾਨ
ਗਾਇਨੀ ਮਾਹਿਰ ਡਾ. ਚਾਂਦਨੀ ਬੱਗਾ ਨੇ ਜਨਮ ਲੈਣ ਵਾਲੇ ਬੱਚੇ ਦੇ ਭਾਰੇ ਹੋਣ ਕਰਕੇ ਅਤੇ ਮਰੀਜ਼ ਦੀ ਉਮਰ 40 ਸਾਲ ਤੋਂ ਵੱਧ ਹੋਣ ਕਰਕੇ ਨਾਰਮਲ ਡਿਲਿਵਰੀ 'ਚ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਮਾਂ ਅਤੇ ਬੱਚੇ ਦੇ ਜੀਵਨ ਨੂੰ ਬਚਾਉਣ ਲਈ ਪਰਿਵਾਰ ਨਾਲ ਮਸ਼ਵਰਾ ਕਰਕੇ ਵਿਸ਼ੇਸ਼ ਵੱਡੇ ਆਪਰੇਸ਼ਨ ਨਾਲ ਰਣਜੀਤ ਕੌਰ ਦੀ ਡਿਲਿਵਰੀ ਕਰਵਾਈ ਗਈ। ਰਣਜੀਤ ਕੌਰ ਨੇ ਇਕ ਤੰਦਰੁਸਤ ਬੱਚੇ (ਲੜਕੇ) ਨੂੰ ਜਨਮ ਦਿੱਤਾ, ਜਿਸ ਦਾ ਭਾਰ ਪੌਣੇ ਪੰਜ ਕਿਲੋਗ੍ਰਾਮ ਸੀ। ਇਸ ਭਾਰੇ ਬੱਚੇ ਨੂੰ ਦੇਖ ਕੇ ਸਾਰੇ ਹੈਰਾਨ ਸਨ ਕਿਉਂਕਿ ਇੰਨੇ ਭਾਰੇ ਤੰਦਰੁਸਤ ਬੱਚਿਆਂ ਦਾ ਜਨਮ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ।

PunjabKesari

ਨਵ ਜਨਮੇ ਪੌਣੇ ਪੰਜ ਕਿਲੋਗ੍ਰਾਮ ਭਾਰੇ ਲੜਕੇ ਅਤੇ ਉਸ ਦੀ ਮਾਤਾ ਰਣਜੀਤ ਕੌਰ ਦੀ ਆਪਰੇਸ਼ਨ ਤੋਂ ਬਾਅਦ 'ਚ ਵੀ ਵਿਸ਼ੇਸ਼ ਸਾਂਭ ਸੰਭਾਲ ਕੀਤੀ ਗਈ। ਹੁਣ ਮਾਂ ਰਣਜੀਤ ਕੌਰ ਅਤੇ ਬੇਟਾ ਬਿਲਕੁਲ ਤੰਦਰੁਸਤ ਹਨ। ਇਸ ਮੌਕੇ ਔਰਤਾਂ ਦੀਆਂ ਬੀਮਾਰੀਆਂ ਅਤੇ ਜਣੇਪੇ ਦੇ ਮਾਹਿਰ ਡਾ. ਚਾਂਦਨੀ ਬੱਗਾ ਨੇ ਦੱਸਿਆ ਮੈਡੀਕਲ ਸਾਂਇੰਸ 'ਚ ਇੰਨੇ ਭਾਰੇ ਤੁੰਦਰੁਸਤ ਬੱਚਿਆਂ ਦੇ ਜਨਮ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਜੋ ਕਿ ਲੱਖਾਂ ਡਿਲਿਵਿਰੀਆਂ ਪਿੱਛੇ ਨਾ ਮਾਤਰ ਹੀ ਹੁੰਦੇ ਹਨ।

14 ਸਾਲਾ ਬਾਅਦ ਮਿਲੀ ਪੁੱਤ ਦੀ ਖੁਸ਼ੀ
ਇਹ ਬੱਚਾ ਵੀ ਇੰਡੀਆ 'ਚ ਜਨਮ ਲੈਣ ਵਾਲੇ ਵਜ਼ਨੀ ਬੱਚਿਆਂ ਦੀ ਲਿਸਟ 'ਚ ਸ਼ਾਮਲ ਹੋਵੇਗਾ। ਵਰਣਨਯੋਗ ਹੈ ਕਿ ਮਾਤਾ-ਪਿਤਾ ਨੂੰ ਲੜਕੇ ਦੀ ਅਤੇ ਭੈਣ ਨੂੰ ਭਰਾ ਦੀ ਖੁਸ਼ੀ 14 ਸਾਲਾਂ ਬਾਅਦ ਡਾ. ਚਾਂਦਨੀ ਬੱਗਾ ਐੱਮ. ਐੱਸ. ਵੱਲੋਂ ਕੀਤੇ ਵਧੀਆ ਇਲਾਜ ਉਪਰੰਤ ਮਿਲੀ ਹੈ। ਇਸ ਖੁਸ਼ੀ ਭਰੇ ਮੌਕੇ ਡਾ. ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਡਾ.ਚਾਂਦਨੀ ਬੱਗਾ ਐਮ.ਐਸ. (ਗਾਇਨੀ), ਡਾ. ਦੀਪਕ ਦੁੱਗਲ ਐੱਮ. ਡੀ. (ਬੇਹੋਸ਼ੀ ਅਤੇ ਦਰਦਾਂ ਦੀਆਂ ਬਿਮਾਰੀਆਂ ਦੇ ਮਾਹਿਰ), ਸੁਖਵਿੰਦਰ ਕੌਰ, ਬਲਬੀਰ ਕੌਰ, ਗਗਨਦੀਪ ਸਿੰਘ, ਯਨੂਸ ਮਸੀਹ ਅਤੇ ਹੋਰ ਸਟਾਫ ਅਤੇ ਮਰੀਜ਼ ਰਣਜੀਤ ਕੌਰ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।


author

shivani attri

Content Editor

Related News