ਘਰੋਂ ਭੱਜੇ ਪ੍ਰੇਮੀ ਜੋੜੇ ਨੇ ਕੀਤੀ ਆਤਮ-ਹੱਤਿਆ
Sunday, Sep 08, 2019 - 02:30 PM (IST)

ਕਾਠਗੜ੍ਹ (ਰਾਜੇਸ਼)— ਥਾਣਾ ਕਾਠਗੜ੍ਹ ਅਧੀਨ ਪੈਂਦੇ ਇਕ ਪਿੰਡ ਦੇ ਇਕ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਜੋ 2 ਬੱਚਿਆਂ ਦੀ ਮਾਂ ਸੀ ਵੱਲੋਂ ਖੇਤ 'ਚ ਬਣੇ ਇਕ ਕਮਰੇ 'ਚ ਫਾਹ ਲਗਾ ਕੇ ਆਤਮ-ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਟੀਪੂ ਪੁੱਤਰ ਨਿਰਮਲ ਸਿੰਘ ਦੇ ਆਪਣੇ ਵੱਡੇ ਭਰਾ ਦੀ ਸਾਲੀ ਨਾਲ ਪ੍ਰੇਮ ਸਬੰਧ ਸਨ। ਇਹ ਪ੍ਰੇਮੀ ਜੋੜਾ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਸੀ ਅਤੇ ਔਰਤ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਪੁਲਸ ਕੋਲ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਔਰਤ ਦੀ ਤਲਾਸ਼ ਵੀ ਕੀਤੀ ਜਾ ਰਹੀ ਸੀ। ਬੀਤੀ ਕੱਲ੍ਹ ਸਵੇਰੇ ਖੇਤਾਂ 'ਚ ਇਕ ਮੋਟਰ 'ਤੇ ਕੁਝ ਲੋਕਾਂ ਨੇ ਦੋਵਾਂ ਦੀਆਂ ਲਟਕਦੀਆਂ ਲਾਸ਼ਾਂ ਨੂੰ ਜਦੋਂ ਦੇਖਿਆ ਤਾਂ ਉਨ੍ਹਾਂ ਇਸ ਦੀ ਖਬਰ ਪੁਲਸ ਚੌਕੀ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਉਤਾਰਿਆ ਅਤੇ ਫਿਰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਲਾਚੌਰ ਭੇਜ ਦਿੱਤਾ। ਮੁੱਢਲੀ ਜਾਂਚ 'ਚ ਇਹ ਮਾਮਲਾ ਆਤਮ-ਹੱਤਿਆ ਦਾ ਲੱਗ ਰਿਹਾ ਹੈ, ਜਿਸ ਦੀ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।