ਟਰੇਨ ’ਚ ਚੜ੍ਹ ਰਹੀ ਔਰਤ ਦਾ ਬੈਗ ਤੇ ਉਸ ਦੇ ਭਰਾ ਦੀ ਸੋਨੇ ਦੀ ਚੇਨ ਖਿੱਚ ਕੇ ਭੱਜੇ ਲੁਟੇਰੇ

08/21/2018 6:31:42 AM

ਜਲੰਧਰ,  (ਗੁਲਸ਼ਨ)-  ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ’ਤੇ ਟਰੇਨ ’ਚ ਚੜ੍ਹ  ਰਹੀ ਇਕ ਮਹਿਲਾ ਦਾ ਬੈਗ ਅਤੇ ਉਸ ਦੇ ਭਰਾ ਦੀ ਸੋਨੇ ਦੀ ਚੇਨ ਲੁਟੇਰੇ ਖਿੱਚ ਕੇ ਲੈ ਗਏ।  ਉਨ੍ਹਾਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ।
ਘਟਨਾ  ਬਾਰੇ ਜਾਣਕਾਰੀ ਦਿੰਦੇ ਹੋਏ ਸੁਮਿਤ ਕੁਮਾਰ (18) ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਉਹ  ਆਪਣੀ ਮਾਸੀ ਦੀ ਬੇਟੀ ਦੀਪਿਕਾ ਨਾਲ ਅੰਬਾਲਾ ਤੋਂ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਵਿਚ ਜਲੰਧਰ  ਪਹੁੰਚੇ ਸੀ। ਜਿਥੋਂ ਉਨ੍ਹਾਂ ਨੇ ਅਹਿਮਦਾਬਾਦ ਜੰਮੂ ਤਵੀ ਐਕਸਪ੍ਰੈੱਸ ਵਿਚ ਕਪੂਰਥਲਾ ਥਾਣਾ  ਸੀ।
ਸਿਟੀ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ’ਤੇ ਜਦ ਇਹ ਟਰੇਨ ਵਿਚ ਚੜ੍ਹਨ ਲੱਗੇ ਤਾਂ  ਉਨ੍ਹਾਂ ਦੇ ਪਿੱਛੇ 3 ਨੌਜਵਾਨ ਖੜ੍ਹੇ ਸਨ ਜਿਨ੍ਹਾਂ ਦੇ ਹੱਥ ਵਿਚ ਪਾਣੀ ਦੇ ਵਾਟਰ ਕੂਲਰ  ਫੜੇ ਹੋਏ ਸੀ। ਸੁਮਿਤ ਨੇ ਦੱਸਿਆ ਕਿ ਵਾਟਰ ਕੂਲਰ ਫੜਾਉਣ ਦੇ ਬਹਾਨੇ ਉਹ ਉਨ੍ਹਾਂ ਦਾ ਬੈਗ  ਅਤੇ ਗਲ ਵਿਚੋਂ ਸੋਨੇ ਦੀ ਚੇਨ ਖਿੱਚ ਕੇ ਭੱਜ ਗਏ। ਸੁਮਿਤ ਨੇ ਦੱਸਿਆ ਕਿ ਉਨ੍ਹਾਂ ਨੇ  ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਦੌਰਾਨ  ਪਲੇਟਫਾਰਮ ਨੰਬਰ ਦੋ ’ਤੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਵੀ ਘਟਨਾ ਸਬੰਧੀ  ਦੱਸਿਆ ਪਰ ਉਨ੍ਹਾਂ ਫੌਰਨ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਸੁਮਿਤ ਅਤੇ ਦੀਪਿਕਾ  ਘਬਰਾਏ ਹੋਏ ਪਲੇਟਫਾਰਮ ਨੰ. ਇਕ ’ਤੇ ਪਹੁੰਚੇ। ਮੇਨ ਗੇਟ ’ਚ ਬੈਠੇ ਪੁਲਸ ਮੁਲਾਜ਼ਮ ਨੇ  ਉਨ੍ਹਾਂ ਨੂੰ ਜੀ. ਆਰ. ਪੀ. ਥਾਣੇ ਭੇਜਿਆ। 
ਪੁਲਸ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਸੁਮਿਤ  ਨੇ ਦੱਸਿਆ ਕਿ ਉਸ ਦੀ ਸੋਨੇ ਦੀ ਚੇਨ ਦੇ ਇਲਾਵਾ ਬੈਗ ਵਿਚ ਇਕ ਸੋਨੇ ਦੀ ਅੰਗੂਠੀ, ਚਾਂਦੀ  ਦੀਆਂ ਝਾਂਜਰਾਂ ਅਤੇ 2000 ਰੁਪਏ ਦੀ ਨਕਦੀ ਸੀ, ਜੋ ਕਿ ਲੁਟੇਰੇ ਲੈ ਕੇ ਫਰਾਰ ਹੋ ਗਏ।  ਪੁਲਸ ਨੇ ਪੀੜਤਾਂ ਨੂੰ ਨਾਲ ਲੈ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਚੈੱਕ  ਕੀਤੀ। ਸੁਮਿਤ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਇਹ ਘਟਨਾ ਹੋਈ ਉਥੇ ਲੱਗਾ ਕੈਮਰਾ ਬੰਦ ਪਿਆ  ਸੀ। ਥਾਣਾ ਜੀ. ਆਰ. ਪੀ. ਵਿਚ ਇਸ ਸਬੰਧ ਵਿਚ ਧਾਰਾ 379 ਬੀ ਆਈ. ਪੀ. ਸੀ. ਦੇ ਤਹਿਤ  ਮੁਕੱਦਮਾ ਦਰਜ ਕਰ ਲਿਆ ਗਿਆ।


Related News