ਡਾਕਟਰ ਦੀ ਅਣਗਹਿਲੀ ਕਾਰਨ ਇਲਾਜ ਦੌਰਾਨ ਹੋਈ ਔਰਤ ਦੀ ਮੌਤ
Thursday, Oct 03, 2019 - 12:42 PM (IST)
ਮਲੋਟ (ਕੁਲਦੀਪ ਰਿਣੀ) - ਮਲੋਟ ਦੇ ਇੰਦਰਾ ਰੋਡ 'ਤੇ ਸਥਿਤ ਇਕ ਹਸਪਤਾਲ 'ਚ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ, ਜਦੋਂ ਡਾਕਟਰ ਦੀ ਅਣਗਹਿਲੀ ਕਾਰਨ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਜਸਵੀਰ ਕੌਰ (50) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਅਰਨੀਵਾਲਾ ਵਜੀਰਾ ਵਾਸੀ ਪਰਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਜਸਵੀਰ ਕੌਰ ਨੂੰ ਨਾਲ ਲੈ ਕੇ ਡਾਕਟਰ ਆਰ.ਪੀ. ਸਿੰਘ ਦੇ ਹਸਪਤਾਲ ਆਇਆ। ਡਾਕਟਰ ਨੇ ਉਸ ਨੂੰ ਉਸ ਦੀ ਮਾਂ ਦਾ ਬਵਾਸੀਰ ਦਾ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ, ਜਿਸ ਦੀ ਉਸ ਨੇ 10 ਹਜ਼ਾਰ ਰੁਪਏ ਫੀਸ ਜਮਾਂ ਕਰਵਾ ਦਿੱਤੀ। ਕਰੀਬ ਡੇਢ ਘੰਟਾ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਨੇ ਉਸ ਦੀ ਮਾਂ ਨੂੰ ਲਿਟਾ ਦਿੱਤਾ ਪਰ ਇਸ ਦੇ ਬਾਵਜੂਦ ਉਸ ਦੀ ਸਿਹਤ ਠੀਕ ਨਹੀਂ ਸੀ।
ਉਸ ਨੇ ਦੱਸਿਆ ਕਿ ਉਹ ਵਾਰ-ਵਾਰ ਡਾਕਟਰ ਨੂੰ ਕਹਿੰਦੇ ਰਹੇ ਕਿ ਮਰੀਜ਼ ਦੀ ਹਾਲਤ ਠੀਕ ਨਹੀਂ ਪਰ ਡਾਕਟਰ ਨੇ ਉਸ ਨੂੰ ਨਹੀਂ ਵੇਖਿਆ ਅਤੇ ਕਰੀਬ 7.30 ਕੁ ਵਜੇ ਕਹਿ ਦਿਤਾ ਕਿ ਮਰੀਜ਼ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮਰੀਜ਼ ਦੀ ਮੌਤ ਡਾਕਟਰ ਦੀ ਅਣਗਹਿਲੀ ਕਰਕੇ ਹੋਈ ਹੈ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਡਾਕਟਰ ਆਰ. ਪੀ. ਸਿੰਘ ਵਿਰੁੱਧ ਧਾਰਾ-304-ਏ ਤਹਿਤ ਮਾਮਲਾ ਦਰਜ ਕਰ ਦਿੱਤਾ।