ਲੁਧਿਆਣਾ: ਦਿਉਰ ਵਲੋਂ ਭਾਬੀ ''ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
Sunday, Oct 06, 2019 - 12:15 PM (IST)

ਲੁਧਿਆਣਾ (ਗੌਤਮ) - ਲੁਧਿਆਣ ਵਿਖੇ ਹੈਬੋਵਾਲ ਦੇ ਸੰਤ ਵਿਹਾਰ ਇਲਾਕੇ 'ਚ ਇਕ ਦਿਉਰ ਵਲੋਂ ਘਰ 'ਚ ਦਾਖਲ ਹੋ ਕੇ ਭਾਬੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਜਦੋਂ ਭਾਬੀ ਵਲੋਂ ਵਿਰੋਧ ਜਤਾਇਆ ਗਿਆ ਤਾਂ ਗੁੱਸੇ 'ਚ ਆਏ ਦਿਉਰ ਨੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ। ਹੰਗਾਮਾ ਹੁੰਦਾ ਦੇਖ ਆਲੇ-ਦੁਆਲੇ ਦੇ ਲੋਕ ਬਚਾਅ ਲਈ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਦਿਉਰ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਿਆ। ਹਮਲੇ ਕਾਰਨ ਜ਼ਖਮੀ ਹੋਈ ਔਰਤ ਕਮਲਜੀਤ ਨੂੰ ਲੋਕਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਮੌਕੇ 'ਤੇ ਪੁੱਜੀ ਥਾਣਾ ਹੈਬੋਵਾਲ ਦੀ ਪੁਲਸ ਨੇ ਜਾਂਚ ਮਗਰੋਂ ਜ਼ਖਮੀ ਔਰਤ ਦੇ ਬਿਆਨ 'ਤੇ ਹੈਬੋਵਾਲ ਦੇ ਰਹਿਣ ਵਾਲੇ ਸੁਖਮਿੰਦਰ ਸਿੰਘ ਖਿਲਾਫ ਘਰ 'ਚ ਦਾਖਲ ਹੋ ਕੇ ਕੁੱਟ-ਮਾਰ ਕਰਨ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਭੰਨ-ਤੋੜ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਦਿੱਤਾ।
ਪੁਲਸ ਨੂੰ ਦਿੱਤੇ ਬਿਆਨ 'ਚ ਜ਼ਖਮੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਘਰ 'ਚ ਇਕੱਲੀ ਸੀ। ਉਸ ਦਾ ਦਿਉਰ, ਜੋ ਨਸ਼ੇ ਦੀ ਹਾਲਤ 'ਚ ਸੀ, ਜ਼ਬਰਦਸਤੀ ਉਸ ਦੇ ਘਰ ਦਾਖਲ ਹੋ ਗਿਆ। ਹਾਲਾਂਕਿ ਉਸ ਨੇ ਵਿਰੋਧ ਕੀਤਾ ਪਰ ਉਹ ਉਨ੍ਹਾਂ ਦੇ ਬੈੱਡ 'ਤੇ ਲੇਟ ਗਿਆ। ਜਦੋਂ ਉਹ ਰਸੋਈ 'ਚ ਕੰਮ ਕਰ ਰਹੀ ਸੀ ਤਾਂ ਉਕਤ ਦੋਸ਼ੀ ਪਿੱਛੋਂ ਆਇਆ ਤੇ ਉਸ ਦਾ ਚਾਕੂ ਖੋਹ ਕੇ ਆਪਣੇ ਸਰੀਰ 'ਤੇ ਵਾਰ ਕਰਨ ਲੱਗਾ। ਰੋਕਣ 'ਤੇ ਦੋਸ਼ੀ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੇ ਘਰ 'ਚ ਲੱਗੀ ਐੱਲ. ਸੀ. ਡੀ., ਟੀ. ਵੀਪ. ਮਾÎਈਕ੍ਰੋਵੇਵ, ਫ੍ਰਿਜ ਅਤੇ ਹੋਰ ਸਾਮਾਨ ਤੋੜ ਦਿੱਤਾ।ਉਸ ਦੇ ਰੌਲਾ ਪਾਉਣ ਦੀ ਆਵਾਜ਼ ਸੁਣ ਆਂਢ-ਗੁਆਂਢ ਦੇ ਲੋਕ ਆ ਗਏ, ਜਿਨ੍ਹਾਂ ਨੂੰ ਦੇਖ ਦੋਸ਼ੀ ਧਮਕੀਆਂ ਦਿੰਦੇ ਹੋਏ ਭੱਜ ਨਿਕਲਿਆ। ਜਾਂਚ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।