ਗੁਰਦੁਆਰੇ ''ਚ ਬਿਨਾਂ ਗੈਸ ਦੇ ਜਲ ਰਿਹੈ ਚੁੱਲ੍ਹਾ, ਜਾਣੋ ਅਸਲ ਸੱਚ (ਵੀਡੀਓ)
Friday, Jun 22, 2018 - 04:27 PM (IST)
ਚੰਡੀਗੜ੍ਹ : ਇਨ੍ਹੀਂ ਦਿਨੀਂ ਚੰਡੀਗੜ੍ਹ ਦੇ ਇਕ ਗੁਰਦੁਆਰਾ ਸਾਹਿਬ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇਕ ਚੁੱਲ੍ਹਾ ਜਲਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਨੂੰ ਕਿਸੇ ਚਮਤਕਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਚਮਤਕਾਰ ਇਹ ਦੱਸਿਆ ਜਾ ਰਿਹਾ ਹੈ ਕਿ ਚੁੱਲ੍ਹਾ ਬਿਨਾਂ ਗੈਸ ਦੇ ਹੀ ਜਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਸੈਕਟਰ-40 ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੀ ਹੈ।
ਇਸ 'ਚ ਇਕ ਸੇਵਾਦਾਰ ਇਹ ਕਹਿ ਰਿਹਾ ਹੈ ਕਿ ਗੁਰੂ-ਮਹਾਰਾਜ ਦੀ ਕਿਰਪਾ ਦੇ ਨਾਲ ਚੁੱਲ੍ਹਾ ਬਿਨਾਂ ਸਿਲੰਡਰ ਦੇ ਹੀ ਜਲ ਰਿਹਾ ਹੈ ਅਤੇ ਇਸ 'ਤੇ ਰੱਖੀ ਦਾਲ ਉੱਬਲ ਰਹੀ ਹੈ। ਇਸ ਬਾਰੇ ਜਦੋਂ 'ਜਗਬਾਣੀ' ਵਲੋਂ ਗੁਰਦੁਆਰਾ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਤਾਂ ਸਹੀ ਹੈ ਪਰ ਇਸ ਬਾਰੇ ਲਾਏ ਜਾ ਰਹੇ ਚਮਤਕਾਰ ਦੇ ਕਿਆਸ ਸਰਾਸਰ ਗਲਤ ਹਨ।
ਉਨ੍ਹਾਂ ਦੱਸਿਆ ਕਿ ਇਕ ਚੁੱਲ੍ਹੇ 'ਚ ਲੱਗਿਆ ਇਕ ਸਿਲੰਡਰ ਖਤਮ ਹੋ ਗਿਆ ਸੀ ਅਤੇ ਰੈਗੂਲੇਟਰ ਬੰਦ ਕੀਤੇ ਬਗੈਰ ਹੀ ਦੂਜਾ ਸਿਲੰਡਰ ਸਟੋਰ ਤੋਂ ਮੰਗਵਾਇਆ ਗਿਆ। ਇਸ ਦੌਰਾਨ ਪਾਈਪ 'ਚ ਜੋ ਗੈਸ ਬਚੀ ਹੋਈ ਸੀ, ਉਸੇ ਨਾਲ ਚੁੱਲ੍ਹਾ ਬਲਦਾ ਰਿਹਾ ਅਤੇ ਇਸ 'ਚ ਚਮਤਕਾਰ ਜਿਹੀ ਕੋਈ ਗੱਲ ਨਹੀਂ ਸੀ।