ਬਿਨ੍ਹਾਂ ਦਹੇਜ ਦਾ ਵਿਆਹ ਬਣਿਆ ਮਿਸਾਲ, ਖੂਨਦਾਨ ''ਚ ਬਰਾਤੀਆਂ ਨੇ ਦਿੱਤਾ ਯੋਗਦਾਨ
Tuesday, Oct 03, 2017 - 12:27 PM (IST)
ਭੁੱਚੋ ਮੰਡੀ — ਪਿੰਡ ਤੁੰਗਵਾਲੀ 'ਚ ਤਰਕਸ਼ੀਲ ਸੋਚ ਦੇ ਮਾਲਿਕ ਗੁਰਬਿੰਦਰ ਸੋਨੂੰ ਨੇ ਅਨੋਖੀ ਪਹਿਲ ਕਰਦੇ ਹੋਏ 21 ਯੂਨਿਟ ਖੂਨਦਾਨ ਕਰਵਾ ਕੇ ਭੈਣ ਦੀ ਡੋਲੀ ਵਿਦਾ ਕੀਤੀ। ਬਿਨ੍ਹਾਂ ਦਹੇਜ ਤੇ ਰਿਆਇਤੀ ਰਸਮਾਂ ਨਾਲ ਹੋਏ ਵਿਆਹ ਸਮਾਗਮ ਦੀ ਲੋਕਾਂ ਨੇ ਸਰਾਹਨਾ ਕੀਤੀ। ਖੂਨਦਾਨ 'ਚ ਬਰਾਤੀਆਂ ਨੇ ਵੀ ਯੋਗਦਾਨ ਪਾਇਆ।
ਲਾੜੇ ਮਨਜਿੰਦਰ ਸਿੰਘ ਤੇ ਲਾੜੀ ਪ੍ਰਦੀਪ ਕੌਰ ਨੇ ਖੂਨਦਾਨੀਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ 'ਚ ਨਾ ਹੀ ਡੀ. ਜੇ. ਵਜਿਆ ਤੇ ਨਾ ਹੀ ਮੀਟ ਸ਼ਰਾਬ ਆਦਿ ਦਾ ਸੇਵਨ ਕੀਤਾ ਗਿਆ। ਯੂਨੀਇਟੀਡ ਵੈਲਫੇਅਰ ਸੋਸਾਈਟੀ ਬਠਿੰਡਾ ਦੀ ਅਗਵਾਈ 'ਚ ਕੀਤੇ ਗਏ ਖੂਨਦਾਨ ਦੇ ਕਾਰਜ 'ਚ ਖੇਤਰੀ ਪ੍ਰੈੱਸ ਕਲੱਬ ਭੁੱਚੋ ਤੇ ਕੇਅਰ ਪੀਪਲ ਬਲੱਡ ਡੋਨਰ ਆਰਗੇਨਾਈਜੇਸ਼ਨ ਨੇ ਵੀ ਸਹਿਯੋਗ ਦਿੱਤਾ। ਰੇਡਕ੍ਰਾਸ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਖੂਨ ਇਕੱਠਾ ਕੀਤਾ।
ਗੁਰਬਿੰਦਰ ਸਿੰਘ ਸੋਨੂੰ ਨੇ ਪਿਛਲੇ ਸਾਲ ਵੀ ਆਪਣੀ ਛੋਟੀ ਭੈਣ ਦੇ ਵਿਆਹ ਦੇ ਮੌਕੇ 'ਤੇ 24 ਯੂਨਿਟ ਖੂਨਦਾਨ ਕਰਵਾਇਆ ਸੀ। ਸੋਨੂੰ ਦੇ ਖੁਦ ਦੇ ਵਿਆਹ ਦੇ ਸਮੇਂ 'ਤੇ ਉਸ ਦੇ ਸਹੁਰਾ ਪਰਿਵਾਰ ਨੇ ਖੂਨਦਾਨ ਕੈਂਪ ਲਗਵਾਇਆ ਸੀ। ਇਸ ਮੌਕੇ 'ਤੇ ਗੀਤਕਾਰ ਰਣਜੀਤ ਮਟ ਸ਼ੇਰੋ, ਮਨਜੀਤ ਗੋਰਾ, ਗੋਲਡੀ, ਗੁਰਮੀਤ ਭੱਲਾ, ਮੋਹਨ ਸਿੰਘ ਖਾਲਸਾ, ਜਗਦੇਵ ਸਿੰਘ ਨੈਣੋਵਾਲ, ਸੰਦੀਪ ਸਿੰਘ ਚੰਨਣਵਾਲ, ਰਾਜੂ ਸ਼ਰਮਾ ਭੁੱਚੋ ਤੇ ਜਸਕਰਨ ਨੇ ਵੀ ਸਹਿਯੋਗ ਦਿੱਤਾ।
