ਅਧਿਆਪਕਾ ਨਾਲ ਚੇਅਰਮੈਨ ਵੱਲੋਂ ਜਬਰ-ਜ਼ਨਾਹ, ਸਖ਼ਤ ਹੋਈ ਪੁਲਸ, ਖਾਤੇ ਸੀਲ
Friday, Oct 06, 2017 - 12:53 AM (IST)
ਫ਼ਰੀਦਕੋਟ, (ਹਾਲੀ)- ਆਦਰਸ਼ ਸਕੂਲਾਂ ਦਾ ਪ੍ਰਬੰਧ ਚਲਾ ਰਹੀ ਸੁਖ ਸਾਗਰ ਸੁਸਾਇਟੀ ਦੇ ਚੇਅਰਮੈਨ ਖਿਲਾਫ਼ ਜ਼ਿਲਾ ਪੁਲਸ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਸੁਸਾਇਟੀ ਦੇ ਚੇਅਰਮੈਨ ਤੇ ਉਸ ਦੇ ਪੁੱਤਰ ਖਿਲਾਫ਼ ਆਦਰਸ਼ ਸਕੂਲ ਦੀ ਇਕ ਅਧਿਆਪਕਾ ਨੇ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ 6 ਸਤੰਬਰ 2017 ਨੂੰ ਪਰਚਾ ਦਰਜ ਕਰਵਾਇਆ ਸੀ ਪਰ ਅੱਜ ਤੱਕ ਇਹ ਚੇਅਰਮੈਨ ਤੇ ਉਸ ਦਾ ਪੁੱਤਰ ਪੁਲਸ ਦੇ ਹੱਥ ਨਹੀਂ ਚੜ੍ਹੇ। ਇਕ ਦਿਨ ਪਹਿਲਾਂ ਹੀ ਪੀੜਤ ਅਧਿਆਪਕਾ ਨੇ ਤੰਗ ਹੋ ਕੇ ਜ਼ਹਿਰ ਨਿਗਲ ਲਿਆ ਸੀ, ਜੋ ਇਲਾਜ ਅਧੀਨ ਹੈ।
ਜ਼ਿਲਾ ਪੁਲਸ ਨੇ ਚੇਅਰਮੈਨ ਦੀ ਸੁਖ ਸਾਗਰ ਸੁਸਾਇਟੀ ਦੇ ਬੈਂਕ ਖਾਤੇ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਕੂਲ ਦੇ ਇਕ ਹੋਰ ਖਾਤੇ ਨੂੰ ਸੀਲ ਕੀਤਾ ਗਿਆ ਹੈ। ਪੁਲਸ ਨੇ ਚੇਅਰਮੈਨ ਤੇ ਉਸ ਦੇ ਪੁੱਤਰ ਨੂੰ ਭਗੌੜਾ ਐਲਾਨਣ ਲਈ ਇਲਾਕਾ ਮੈਜਿਸਟ੍ਰੇਟ ਫ਼ਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਵੀ ਦਾਇਰ ਕਰ ਦਿੱਤੀ ਹੈ। ਇਹ ਚੇਅਰਮੈਨ ਜ਼ਿਲੇ ਦੇ ਪਿੰਡਾਂ ਪੱਕਾ ਤੇ ਮਿੱਡੂਮਾਨ ਦੇ ਆਦਰਸ਼ ਸਕੂਲਾਂ ਦਾ ਪ੍ਰਬੰਧ ਦੇਖ ਰਿਹਾ ਸੀ। ਇਹ ਵਿਵਾਦ ਪੈਦਾ ਹੋਣ ਤੋਂ ਬਾਅਦ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਮੈਨੇਜਮੈਂਟ ਕਮੇਟੀ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਤੇ ਮੈਨੇਜਮੈਂਟ ਦੀ ਗੈਰਹਾਜ਼ਰੀ ਵਿਚ ਸਕੂਲਾਂ ਦੇ ਪ੍ਰਿੰਸੀਪਲ ਕੋਈ ਪ੍ਰਬੰਧਕੀ ਫੈਸਲਾ ਨਹੀਂ ਲੈ ਸਕਦੇ।
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਆਦਰਸ਼ ਸਕੂਲਾਂ ਦੇ ਚੇਅਰਮੈਨ ਖਿਲਾਫ਼ ਪਰਚਾ ਦਰਜ ਹੋਣ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਜ਼ਿਲਾ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
