10 ਲੱਖ ਰੁਪਏ ਦੀ ਹੈਰੋਇਨ ਸਣੇ ਕਾਬੂ
Wednesday, Sep 13, 2017 - 02:43 AM (IST)
ਫਾਜ਼ਿਲਕਾ,(ਨਾਗਪਾਲ, ਲੀਲਾਧਰ)— ਪੁਲਸ ਦੇ ਸੀ. ਆਈ. ਏ. ਸਟਾਫ਼ ਨੇ ਇਕ ਵਿਅਕਤੀ ਤੋਂ 10 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਫਾਜ਼ਿਲਕਾ ਦੇ ਡੀ. ਐੱਸ. ਪੀ. ਨਰਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਸਵਰਣ ਸਿੰਘ ਨੇ ਦੌਰਾਨੇ ਗਸ਼ਤ ਮੰਡੀ ਅਰਨੀਵਾਲਾ ਤੋਂ ਅੱਗੇ ਪਿੰਡ ਢਾਬ ਖੁਸ਼ਹਾਲ ਜੋਈਆ ਵੱਲੋਂ ਆ ਰਹੇ ਮੰਡੀ ਅਰਨੀਵਾਲਾ ਵਾਸੀ ਅਮਨਦੀਪ ਸਿੰਘ ਜੋ ਪੈਦਲ ਆ ਰਿਹਾ ਸੀ, ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸਦੀ ਪੈਂਟ ਦੀ ਜੇਬ 'ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਬਰਾਮਦ ਕੀਤੀ ਗਈ ਹੈਰੋਇਨ ਦਾ ਮੁੱਲ ਅੰਤਰਰਾਸ਼ਟਰੀ ਬਾਜ਼ਾਰ 'ਚ 10 ਲੱਖ ਰੁਪਏ ਹੈ।
ਡੀ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਥਾਈ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਬੈਂਕ ਚੈੱਕਾਂ ਦੇ ਰਾਹੀਂ ਕਰਦਾ ਸੀ। ਉਸ ਕੋਲ ਵੱਖ-ਵੱਖ ਬੈਂਕਾਂ ਦੇ 11 ਚੈੱਕ ਬਰਾਮਦ ਹੋਏ ਹਨ। ਉਨ੍ਹਾਂ 'ਚੋਂ ਕਈ ਚੈੱਕ ਡਿਸਆਨਰ ਹੋ ਚੁੱਕੇ ਹਨ ਅਤੇ ਕਈ ਪੇਸ਼ ਨਹੀਂ ਕੀਤੇ ਗਏ ਹਨ। ਇਹ ਚੈੱਕ 2,89,008 ਰੁਪਏ ਦੇ ਹਨ। ਉਹ ਲਗਭਗ 1 ਸਾਲ ਤੋਂ ਨਸ਼ਿਆਂ ਦੀ ਸਪਲਾਈ ਦਾ ਕੰਮ ਕਰ ਰਿਹਾ ਹੈ ਅਤੇ ਉਸਦੇ ਖਿਲਾਫ਼ ਪਹਿਲੀ ਵਾਰ ਕੇਸ ਦਰਜ ਹੋਇਆ ਹੈ। ਅਮਨਦੀਪ ਸਿੰਘ ਦੇ ਖਿਲਾਫ਼ ਥਾਣਾ ਸਦਰ ਜਲਾਲਾਬਾਦ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
