ਬਸੰਤ ਲੰਘਣ ਮਗਰੋਂ ਵੀ ਵਧੀ ਠੰਡ, ਕਣਕ ਦੀ ਖੇਤੀ ਕਰਨ ਵਾਲੇ ਕਿਸਾਨ ਖ਼ੁਸ਼
Monday, Feb 03, 2025 - 04:57 PM (IST)
ਤਲਵੰਡੀ ਭਾਈ (ਪਾਲ) : ਬਸੰਤ ਦਾ ਤਿਉਹਾਰ ਆਉਂਦਿਆਂ ਹੀ ਇਲਾਕੇ ਦੇ ਬਜ਼ੁਰਗਾਂ ਦੇ ਮੂੰਹੋਂ ‘ਆਈ ਬਸੰਤ ਪਾਲਾ ਉਡੰਤ’ ਦਾ ਮੁਹਾਵਰਾ ਲੋਕਾਂ ਵੱਲੋਂ ਆਮ ਹੀ ਸੁਣਿਆ ਜਾਂਦਾ ਹੈ ਪਰ ਇਸ ਵਾਰ ਰੁਕ-ਰੁਕ ਕੇ ਪੈ ਰਹੀ ਧੁੰਦ ਕਾਰਨ ਮੁੜ ਵੱਧ ਰਹੀ ਠੰਡ ਦੇ ਮੌਸਮ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਬਸੰਤ ਪੰਚਮੀ ਦਾ ਦਿਨ ਲੰਘਣ ਦੇ ਬਾਵਜੂਦ ਸਰਦੀ ਦਾ ਸੁਹਾਵਣਾ ਮੌਸਮ ਵੱਧਦਾ ਹੀ ਜਾ ਰਿਹਾ ਹੈ। ਸਦੀਆਂ ਤੋਂ ਚੱਲੇ ਆ ਰਹੇ ਮੁਹਾਵਰੇ ਦੇ ਅਰਥ ਹੁਣ ਬਦਲਦੇ ਨਜ਼ਰ ਆ ਰਹੇ ਹਨ, ਜਿਸ ਦੀ ਪਛਾਣ ਹੁਣ ‘ਆਈ ਬਸੰਤ ਪਾਲਾ ਵਧੰਤ’ ਵਜੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਬਸੰਤ ਲੰਘਣ ’ਤੇ ਵੀ ਪੈ ਰਹੀ ਸਰਦੀ ਬਾਰੇ ਅਗਾਂਹ ਵਧੂ ਕਿਸਾਨ ਨਿਰਮਲ ਸਿੰਘ ਬਰਾੜ ਅਤੇ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਕਣਕ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਪੈ ਰਹੀ ਠੰਡ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ, ਕਿਉਂਕਿ ਇਸ ਰੁੱਤ ਦੀ ਧੁੰਦ ਤੇ ਠੰਡ ਕਣਕ ਦੀ ਫ਼ਸਲ ਨੂੰ ਦੇਸੀ ਘਿਓ ਵਾਂਗ ਲੱਗਦੀ ਹੈ ਅਤੇ ਕਣਕ ਦੀ ਫ਼ਸਲ ਭਰਵੇਂ ਰੂਪ ’ਚ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਮੌਸਮ ਵਿਗਿਆਨੀਆਂ ਦੇ ਦੱਸਣ ਮੁਤਾਬਕ ਇਹ ਸਭ ਕੁੱਝ ਦਿਨੋਂ-ਦਿਨ ਬਦਲ ਰਹੇ ਵਾਤਾਵਰਣ ਅਨੁਸਾਰ ਹੀ ਹੋ ਰਿਹਾ ਹੈ ਕਿਉਂਕਿ ਕੁਦਰਤੀ ਚੀਜ਼ਾਂ ਨਾਲ ਖਿਲਵਾੜ ਕਰਦੇ ਹੋਏ ਇਨਸਾਨਾਂ ਵੱਲੋਂ ਰੁੱਖਾਂ ਦਾ ਘਾਣ ਕੀਤਾ ਜਾ ਰਿਹਾ ਹੈ। ਥੋੜ੍ਹੀ ਜਿਹੀ ਮਿਹਨਤ ਨਾਲ ਜ਼ਮੀਨਾਂ ਵਹਾਉਣ ਦੀ ਬਜਾਏ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ’ਚ ਅੱਗ ਲਾ ਰਹੇ ਹਨ, ਜਿਸ ਕਾਰਨ ਜ਼ਮੀਨਾਂ ਦੀ ਉਪਜਾਊ ਸ਼ਕਤੀ ਘੱਟਦੀ ਹੈ। ਇਸ ਦੇ ਨਾਲ ਹੀ ਪੰਛੀਆਂ ਦੀ ਕੀਤੀ ਜਾ ਰਹੀ ਤਬਾਹੀ ਕਾਰਨ ਆਉਣ ਵਾਲੇ ਸਮੇਂ ’ਚ ਮੌਸਮ ਨਾਲ ਸਬੰਧਿਤ ਬਜ਼ੁਰਗਾਂ ਵੱਲੋਂ ਵਰਤੇ ਜਾਂਦੇ ਅਖਾਣਾ ਦੇ ਅਰਥ ਹੋਰ ਵੀ ਬਦਲੇ ਨਜ਼ਰ ਆਉਣਗੇ। ਇਹ ਸਭ ਕੁਝ ਮਨੁੱਖ ਵੱਲੋਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਦਾ ਹੀ ਨਤੀਜਾ ਹੈ, ਜਿਸ ਦੇ ਲਾਭ ਘੱਟ ਅਤੇ ਨੁਕਸਾਨ ਵੱਧ ਹੁੰਦੇ ਸਭ ਨੂੰ ਨਜ਼ਰ ਆਉਣਗੇ।