ਬੀਤੀ ਰਾਤ ਸ਼ਿਮਲਾ ਤੋਂ ਠੰਡਾ ਰਿਹਾ ''ਚੰਡੀਗੜ੍ਹ'', 4.4 ਡਿਗਰੀ ’ਤੇ ਆਇਆ ਹੇਠਲਾ ਤਾਪਮਾਨ
Saturday, Dec 19, 2020 - 12:36 PM (IST)
ਚੰਡੀਗੜ੍ਹ (ਪਾਲ) : ਪਿਛਲੇ ਤਿੰਨ ਦਿਨਾਂ 'ਚ ਸ਼ਹਿਰ 'ਚ ਠੰਡ ਲਗਾਤਾਰ ਨਵਾਂ ਰਿਕਾਰਡ ਬਣਾ ਰਹੀ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 17.6 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਕਿ ਆਮ ਤੋਂ 3 ਡਿਗਰੀ ਘੱਟ ਹੈ। ਹੇਠਲਾ ਤਾਪਮਾਨ ਆਮ ਤੋਂ 2 ਡਿਗਰੀ ਡਿੱਗ ਕੇ 4.4 ਡਿਗਰੀ ਸੈਲਸੀਅਸ ਦਰਜ ਹੋਇਆ। ਇਹ ਸੀਜ਼ਨ ਦਾ ਹੁਣ ਤੱਕ ਸਭ ਤੋਂ ਘੱਟ ਹੇਠਲਾ ਤਾਪਮਾਨ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 5.1 ਡਿਗਰੀ ਸੈਲਸੀਅਸ ਰਿਹਾ ਸੀ। ਮੌਸਮ ਮਹਿਕਮੇ ਮੁਤਾਬਕ ਅਗਲੇ ਤਿੰਨ ਦਿਨਾਂ 'ਚ ਪਾਰਾ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ। ਪਹਾੜਾਂ 'ਚ ਹੋ ਰਹੀ ਬਰਫਬਾਰੀ ਕਾਰਨ ਪੂਰੇ ਉੱਤਰ ਭਾਰਤ 'ਚ ਠੰਡ ਦਾ ਕਹਿਰ ਜਾਰੀ ਹੈ।
ਠੰਡੀਆਂ ਹਵਾਵਾਂ ਨਾਲ ਬੇਅਦਰ ਹੋਈ ਧੁੱਪ
ਸ਼ੁੱਕਰਵਾਰ ਨੂੰ ਧੁੱਪ ਬੇਸ਼ੱਕ ਨਿਕਲੀ ਪਰ ਤੇਜ਼ ਠੰਡੀਆਂ ਹਵਾਵਾਂ ਨੇ ਧੁੱਪੇ ਵੀ ਸਰਦੀ ਦਾ ਅਹਿਸਾਸ ਕਰਵਾਇਆ। ਮੌਸਮ ਮਹਿਕਮੇ ਅਨੁਸਾਰ ਸ਼ਹਿਰ 'ਚ ਪਿਛਲੇ ਤਿੰਨ ਦਿਨਾਂ ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। 16 ਦਸੰਬਰ ਨੂੰ 10 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਵੀ ਰਿਕਾਰਡ ਹੋਈਆਂ ਸਨ। ਕੇਂਦਰ ਮੁਤਾਬਕ ਤੇਜ਼ ਹਵਾਵਾਂ ਬੇਸ਼ੱਕ ਸਰਦੀ ਦਾ ਅਹਿਸਾਸ ਜ਼ਿਆਦਾ ਕਰਵਾ ਰਹੀਆਂ ਹਨ ਪਰ ਇਨ੍ਹਾਂ ਕਾਰਣ ਕੋਹਰਾ ਘੱਟ ਹੋ ਰਿਹਾ ਹੈ। ਜੇਕਰ ਹਵਾਵਾਂ ਬੰਦ ਹੁੰਦੀਆਂ ਹਨ ਜਾਂ ਘੱਟ ਵੀ ਹੋਈਆਂ ਤਾਂ ਕੋਹਰਾ ਵਧਣ ਦੀ ਪੂਰੀ ਸੰਭਾਵਨਾ ਹੈ। ਵਿਜ਼ੀਬਿਲਿਟੀ ਦੀ ਗੱਲ ਕਰੀਏ ਤਾਂ ਉਹ 3 ਹਜ਼ਾਰ ਮੀਟਰ ਰਹੀ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਹੋਇਆ ਸੀ, ਜੋ ਕਿ ਸ਼ਿਮਲਾ ਦੇ ਬਰਾਬਰ ਸੀ। ਬੀਤੀ ਰਾਤ ਦੇ ਹੇਠਲੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਸ਼ਿਮਲਾ ਤੋਂ ਠੰਡਾ ਚੱਲ ਰਿਹਾ ਹੈ। ਸ਼ਿਮਲਾ ਦਾ ਹੇਠਲਾ ਤਾਪਮਾਨ ਜਿੱਥੇ 4.6 ਡਿਗਰੀ ਦਰਜ ਹੋਇਆ, ਉੱਥੇ ਹੀ ਚੰਡੀਗੜ੍ਹ ਦਾ ਹੇਠਲਾ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ ਹੈ।