800 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
Thursday, Aug 24, 2017 - 07:58 AM (IST)
ਮੋਗਾ (ਆਜ਼ਾਦ) - ਐਕਸਾਈਜ਼ ਵਿਭਾਗ ਅਤੇ ਮੋਗਾ ਪੁਲਸ ਵੱਲੋਂ ਇਕ ਸਾਂਝੇ ਗੁਪਤ ਆਪ੍ਰੇਸ਼ਨ ਨਾਲ 800 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਭਾਰੀ ਸਫਲਤਾ ਹਾਸਲ ਕੀਤੀ ਹੈ। ਸਬ-ਡਵੀਜ਼ਨ ਧਰਮਕੋਟ ਦੇ ਪਿੰਡ ਮਟਵਾਨੀ 'ਚ ਪੁਲਸ ਅਧਿਕਾਰੀਆਂ ਵੱਲੋਂ ਜਦੋਂ ਸ਼ੱਕ ਦੇ ਆਧਾਰ 'ਤੇ ਇਕ ਟਰੱਕ ਨੂੰ ਰੋਕਿਆ ਗਿਆ ਤਾਂ ਉਸ 'ਚੋਂ ਉਕਤ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲੇ ਦੀ ਚੱਢਾ ਸ਼ੂਗਰ ਇੰਡਸਟਰੀ ਪ੍ਰਾਈਵੇਟ ਲਿਮਟਿਡ ਤੋਂ ਇਹ ਸ਼ਰਾਬ ਲਿਆਂਦੀ ਗਈ ਸੀ ਅਤੇ ਜਿਸ ਨੂੰ ਵੱਖ-ਵੱਖ ਥਾਵਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਸਪਲਾਈ ਕਰਨ ਦੀ ਯੋਜਨਾ ਸੀ। ਪਤਾ ਲੱਗਾ ਹੈ ਕਿ ਇਹ ਫਰਮ ਪਹਿਲਾਂ ਤੋਂ ਹੀ ਬੀਤੀ 10 ਅਗਸਤ ਨੂੰ ਕੈਂਸਲ ਕੀਤੀ ਜਾ ਚੁੱਕੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਨੂੰ ਟਰੱਕ ਸਮੇਤ ਕਬਜ਼ੇ 'ਚ ਕਰ ਲਿਆ ਗਿਆ ਹੈ।
ਪੁਲਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਉਪਰੰਤ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਟਰੱਕ ਚਾਲਕਾਂ ਦੇ ਕੋਲ ਐਕਸਾਈਜ਼ ਵਿਭਾਗ ਦਾ ਜਾਅਲੀ ਪਰਮਿਟ ਸੀ ਅਤੇ ਜਿਸ ਦੀ ਪੁਸ਼ਟੀ ਐਕਸਾਈਜ਼ ਇੰਸਪੈਕਟਰ ਨਰਿੰਦਰ ਕੁਮਾਰ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਾਅਲੀ ਪਰਮਿਟ ਦੇ ਆਧਾਰ 'ਤੇ ਹੀ ਇਸ ਸ਼ਰਾਬ ਨੂੰ ਸੀਤੋ ਗੁੰਨੋ (ਫਾਜ਼ਿਲਕਾ) 'ਚ ਲਿਜਾਣਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਸੀਤੋ ਗੁੰਨੋ ਦੇ ਲਾਇਸੈਂਸ ਹੋਲਡਰ ਜੈ ਦੀਪ ਦਾ ਵਿਭਾਗ ਨੇ ਕੁਝ ਦਿਨ ਪਹਿਲਾਂ ਹੀ ਲਾਇਸੈਂਸ ਕੈਂਸਲ ਕੀਤਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਅਜੀਤਵਾਲ ਦੇ ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਦੋਸ਼ੀ ਕਰਨ ਸਿੰਘ, ਗੁਲਸ਼ਨ ਕੁਮਾਰ, ਗੌਰਵ ਧਵਨ, ਜਸਕਰਨ ਸਿੰਘ ਜੱਸੀ ਅਤੇ ਅਮਨਦੀਪ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
