ਕੀ ਤਾਪਮਾਨ ਦਾ ਵਾਧਾ ਕੋਰੋਨਾ ਵਾਇਰਸ ਤੋਂ ਰਾਹਤ ਦਿਵਾਏਗਾ?

Sunday, Mar 22, 2020 - 09:22 PM (IST)

ਕੀ ਤਾਪਮਾਨ ਦਾ ਵਾਧਾ ਕੋਰੋਨਾ ਵਾਇਰਸ ਤੋਂ ਰਾਹਤ ਦਿਵਾਏਗਾ?

ਲੁਧਿਆਣਾ,  (ਸਰਬਜੀਤ)— ਮੌਸਮ ਵਿਭਾਗ ਦੀਆਂ ਤਾਜ਼ਾ ਭਵਿੱਖਬਾਣੀਆਂ ਮੁਤਾਬਕ ਅਗਲੇ ਇਕ ਹਫਤੇ ਵਿਚ ਪੰਜਾਬ ਦੇ ਤਾਪਮਾਨ 'ਚ 3 ਡਿਗਰੀ ਤੱਕ ਦਾ ਵਾਧਾ ਹੋਵੇਗਾ। ਕੋਰੋਨਾ ਵਾਇਰਸ ਦੇ ਸਬੰਧ ਵਿਚ ਇਹ ਚਰਚਾਵਾਂ ਆਮ ਚੱਲ ਰਹੀਆਂ ਹਨ ਕਿ ਤਾਪਮਾਨ ਦੇ ਵਾਧੇ ਦਾ ਇਸ ਮਾਰੂ ਵਾਇਰਸ 'ਤੇ ਕੀ ਅਸਰ ਹਵੇਗਾ?
ਮੌਸਮ ਵਿਭਾਗ ਦੁਆਰਾ ਪੰਜਾਬ ਦਾ ਔਸਤਨ ਤਾਪਮਾਨ 22 ਮਾਰਚ ਨੂੰ ਘੱਟੋ-ਘੱਟ 12℃ ਅਤੇ ਵੱਧ ਤੋਂ ਵੱਧ 28℃ ਦੱਸਿਆ ਗਿਆ ਹੈ। ਇਹ ਲਗਾਤਾਰ ਵੱਧਦਾ ਹੋਇਆ ਹਫਤੇ ਦੇ ਅੰਤ ਭਾਵ 27 ਮਾਰਚ ਤੱਕ ਘੱਟੋ-ਘੱਟ 15℃ ਅਤੇ ਵੱਧ ਤੋਂ ਵੱਧ 31℃ ਤੱਕ ਪਹੁੰਚ ਜਾਵੇਗਾ। ਕੁੱਲ ਮਿਲਾ ਕੇ ਇਕ ਹਫਤੇ ਦੌਰਾਨ ਤਾਪਮਾਨ ਵਿਚ 3℃ ਦਾ ਵਾਧਾ ਹੋਵੇਗਾ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਤਾਪਮਾਨ ਵਧਣ ਨਾਲ ਆਮ ਵਾਇਰਸ ਦੀ ਗਤੀਸ਼ੀਲਤਾ ਘਟਦੀ ਹੈ। ਪਰ ਕੋਰੋਨਾ ਵਾਇਰਸ ਬਾਰੇ ਅਜੇ ਕੋਈ ਖੋਜ ਸਾਹਮਣੇ ਨਹੀਂ ਆਈ। ਕੋਰੋਨਾ ਫੈਮਲੀ ਦੇ ਹੋਰਨਾਂ ਵਾਇਰਸਾਂ ਦੇ ਆਧਾਰ 'ਤੇ ਆਸ ਕੀਤੀ ਜਾ ਰਹੀ ਹੈ ਕਿ ਵੱਧਦਾ ਤਾਪਮਾਨ ਕੋਰੋਨਾ 'ਤੇ ਵੀ ਅਸਰਦਾਰ ਹੋਵੇਗਾ।
ਇਸ ਬਾਰੇ 'ਜਗ ਬਾਣੀ' ਨਾਲ ਗੱਲ ਕਰਦਿਆਂ ਸਿਵਲ ਹਸਪਤਾਲ ਜਗਰਾਓਂ ਦੇ ਡਾ. ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਇਹ ਕੋਰੋਨਾ ਵਾਇਰਸ ਮਨੁੱਖ ਦੇ ਸੰਪਰਕ ਵਿਚ ਨਹੀਂ ਆਉਂਦਾ ਤਾਂ ਇਸਦਾ ਭਾਰ 500 ਮਾਈਕ੍ਰੋਨ ਹੋਣ ਕਰ ਕੇ ਕਿਸੇ ਵੀ ਸਤ੍ਹਾ 'ਤੇ ਟਿਕ ਜਾਂਦਾ ਹੈ। ਠੰਡ ਹੋਵੇ ਜਾਂ ਗਰਮੀ ਕੋਰੋਨਾ ਵਾਇਰਸ ਦੀ ਉਮਰ 8 ਤੋਂ 10 ਘੰਟੇ ਹੀ ਰਹਿੰਦੀ ਹੈ ਪਰ ਤਾਪਮਾਨ ਜ਼ਿਆਦਾ ਵਧਣ ਨਾਲ ਵਾਇਰਸ ਮਰਦਾ ਤਾਂ ਨਹੀਂ, ਸਗੋਂ ਸੁਸਤ ਹੋ ਜਾਂਦਾ ਹੈ।
ਇਸ ਸਬੰਧੀ ਡੀ. ਐੱਮ. ਸੀ. (ਦਯਾਨੰਦ ਮੈਡੀਕਲ ਕਾਲਜ) ਹਸਪਤਾਲ ਦੇ ਡਾਕਟਰ ਸੰਦੀਪ ਪੁਰੀ ਨੇ ਕਿਹਾ ਕਿ ਇਹ ਵਾਇਰਸ ਅਜੇ ਨਵਾਂ ਹੈ, ਇਸ ਲਈ ਤਾਪਮਾਨ ਨਾਲ ਇਸ 'ਤੇ ਕੀ ਅਸਰ ਪਵੇਗਾ ਇਸਦਾ ਅੰਦਾਜ਼ਾ ਅਜੇ ਪੂਰਨ ਤੌਰ 'ਤੇ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਵੱਧ ਤੋਂ ਵੱਧ 12 ਘੰਟੇ ਤੱਕ ਆਮ ਕਿਸੇ ਸਤ੍ਹਾ 'ਤੇ ਅਤੇ ਮਨੁੱਖ ਦੇ ਅੰਦਰ ਮਤਲਬ ਜੇ ਕਿਸੇ ਮਨੁੱਖ ਨੂੰ ਇਨਫੈਕਸ਼ਨ ਹੁੰਦੀ ਹੈ ਤਾਂ ਇਹ ਲੱਗਭਗ 3 ਹਫਤੇ ਤੱਕ ਜਿਊਂਦਾ ਰਹਿ ਸਕਦਾ ਹੈ। ਵੱਧਦੇ ਤਾਪਮਾਨ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮੁਲਕਾਂ ਵਿਚ ਤਾਪਮਾਨ 35℃ ਤੋਂ ਉੱਪਰ ਹੈ ਪਰ ਉੱਥੇ ਹੁਣ ਵੀ ਕੋਰੋਨਾ ਦੇ ਮਰੀਜ਼ ਪਾਏ ਜਾ ਰਹੇ ਨੇ।
ਮਾਹਿਰਾਂ ਦਾ ਇਹੀ ਕਹਿਣਾ ਹੈ ਕਿ ਕੋਰੋਨਾ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਹੀ ਵੱਧਦਾ ਹੈ। ਜੇਕਰ ਤਾਪਮਾਨ ਦੇ ਵਾਧੇ ਨਾਲ ਇਸ ਮਹਾਮਾਰੀ ਨੇ ਘਟਣਾ ਵੀ ਹੈ ਤਾਂ ਹਫਤੇ ਦੋ ਹਫਤੇ ਤੱਕ ਬਿਨਾਂ ਲੋੜੀਂਦੇ ਕੰਮ ਦੇ ਘਰੋਂ ਬਾਹਰ ਜਾਣ ਤੋਂ ਪ੍ਰਹੇਜ਼ ਕਰੋ ਅਤੇ ਸਿਹਤ ਵਿਭਾਗ ਦੀਆਂ ਸਲਾਹਾਂ 'ਤੇ ਅਮਲ ਕਰੋ।


author

KamalJeet Singh

Content Editor

Related News