ਕੀ ਬੇਅਦਬੀ ਮਾਮਲੇ ’ਤੇ ਹੋ ਸਕੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
Friday, Aug 30, 2019 - 07:49 PM (IST)
ਜਗ ਬਾਣੀ ਵਿਸ਼ੇਸ਼ (ਜਸਬੀਰ ਵਾਟਾਂ ਵਾਲੀ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਦੀ ਜਾਂਚ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਹੁਣ ਇਸ ਮਾਮਲੇ ’ਤੇ ਨਵਾਂ ਸਿਆਸੀ ਘਮਸਾਨ ਸ਼ੁਰੂ ਹੋ ਗਿਆ ਹੈ। ਇਸ ਵਾਰ ਸਿਆਸੀ ਘਮਸਾਨ ਦੀ ਸ਼ੁਰੂਆਤ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਹੈ। ਬਾਜਵਾ ਨੇ ਬੇਅਦਬੀ ਮਾਮਲੇ ਵਿਚ ਜਾਂਚ ਏਜੰਸੀ ਸੀ. ਬੀ. ਆਈ. ਨੂੰ ਲਗਾਏ ਅਤੇ ਹਟਾਏ ਜਾਣ ’ਤੇ ਵੱਡੇ ਸਵਾਲ ਖੜੇ ਕੀਤੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਹ ਸਵਾਲ ਵੀ ਚੁੱਕੇ ਹਨ ਕਿ ਸਰਕਾਰ ਵੱਲੋਂ ਸੀ. ਬੀ . ਆਈ. ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਵਾਪਸ ਲਏ ਜਾਣ ਦੇ ਬਾਵਜੂਦ ਛੇ ਮਹੀਨੇ ਤਕ ਕੇਸ ਦੀਆਂ ਫਾਈਲਾਂ ਵਾਪਸ ਕਿਉਂ ਨਹੀਂ ਲਈਆਂ ਗਈਆਂ। ਅਸਲ ਵਿਚ ਫਾਈਲਾਂ ਨਾ ਵਾਪਸ ਲਏ ਜਾਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੀ. ਬੀ. ਆਈ. ਨੇ ਅਦਾਲਤ ਵਿਚ ਇਹ ਕਿਹਾ ਹੈ ਕਿ ਸਰਕਾਰ ਨੇ ਜਾਂਚ ਸੰਬੰਧੀ ਉਨ੍ਹਾਂ ਨਾਲ ਕਦੇ ਵੀ ਸੰਪਰਕ ਨਹੀਂ ਕੀਤਾ ਹੈ। ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਇਹ ਵੀ ਕਿਹਾ ਕਿ ਜੇਕਰ ਪ੍ਰਬੋਧ ਕੁਮਾਰ ਦੀ ਅਗਵਾਈ ’ਚ ਐਸ. ਆਈ. ਟੀ. ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਪ੍ਰਬੋਧ ਕੁਮਾਰ ਨੇ ਸੀ. ਬੀ. ਆਈ. ਨੂੰ ਜਾਂਚ ਕਰਨ ਲਈ ਚਿੱਠੀ ਕਿਉਂ ਲਿਖੀ ? ਬਾਜਵਾ ਵੱਲੋਂ ਉਠਾਏ ਗਏ ਇਨ੍ਹਾਂ ਸਵਾਲਾਂ ਤੋਂ ਬਾਅਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਵਾਲਾਂ ਦੇ ਘੇਰੇ ਵਿਚ ਹਨ, ਉੱਥੇ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਹੈ।
ਗੌਰਤਲਬ ਹੈ ਕਿ ਸਰਕਾਰ ਨੇ ਜਨਵਰੀ ਮਹੀਨੇ ਵਿਚ ਸੀ. ਬੀ. ਆਈ. ਤੋਂ ਕੇਸ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਨੋਟੀਫਿਕੇਸ਼ਨ ਨੂੰ ਹਾਈਕੋਰਟ ਨੇ ਵੀ ਸਵਿਕਾਰ ਕਰ ਲਿਆ ਸੀ। ਇਸ ਤੋਂ ਬਾਅਦ ਸੀਬੀਆਈ ਨੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਹਿੰਦਰ ਪਾਲ ਬਿੱਟੂ, ਜਿਸ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਦੋ ਹੋਰ ਲੋਕਾਂ ਨੂੰ ਇਸ ਮਾਮਲੇ ਵਿਚ ਕਲੀਨ–ਚਿਟ ਦੇ ਕੇ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਸੀ। ਇਸ ਕਲੋਜ਼ਰ ਰਿਪੋਰਟ ਤੋਂ ਬਾਅਦ ਵੀ ਸਿਆਸੀ ਹਲਕਿਆਂ ਵਿਚ ਕਾਫੀ ਘਮਸਾਨ ਮੱਚਿਆ ਅਤੇ ਕਈ ਸਿਆਸੀ ਆਗੂਆਂ ਨੇ ਸੀ. ਬੀ. ਆਈ. ਦੀ ਜਾਂਚ ’ਤੇ ਵੀ ਸੁਆਲ ਖੜੇ ਕੀਤੇ ਸਨ। ਸੁਖਜਿੰਦਰ ਸਿੰਘ ਰੰਧਾਵਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਹਰਪ੍ਰਤਾਪ ਸਿੰਘ ਅਜਨਾਲਾ, ਰਾਜਾ ਅਮਰਿੰਦਰ ਸਿੰਘ ਵੜਿੰਗ, ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਇਲਜ਼ਾਮ ਵੀ ਲਗਾਏ ਕਿ ਕੇਂਦਰ ਦੇ ਦਬਾਅ ਹੇਠ ਸੀ.ਬੀ.ਆਈ. ਬਾਦਲਾਂ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸੇ ਕਾਰਨ ਹੀ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਇਸ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਨੇ ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਮਿਲੀਭੁਗਤ ਦਾ ਵੀ ਮੁੱਦਾ ਚੁੱਕਿਆ ਹੈ। ਇਸ ਮਾਮਲੇ ਵਿਚ ਸਿੱਟ ਮੁਖੀ ਪ੍ਰਬੋਧ ਕੁਮਾਰ ਨੇ ਇਕ ਹੋਰ ਨਵਾਂ ਖੁਲਾਸਾ ਕੀਤਾ ਕਿ ਬਰਗਾੜੀ ਕਾਂਡ ਵਿੱਚ ਵਿਦੇਸ਼ੀ ਏਜੰਸੀਆਂ ਦਾ ਹੱਥ ਵੀ ਹੱਥ ਹੋ ਸਕਦਾ ਹੈ। ਸੀ. ਬੀ. ਆਈ. ਮੁਤਾਬਕ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਉਦੋਂ ਦੋ ਪਾਕਿਸਤਾਨੀ ਨੰਬਰ ਬਰਗਾੜੀ ਵਿਚ ਸਰਗਰਮ ਸਨ। ਇਸ ਸਮੁੱਚੇ ਘਟਨਾਕ੍ਰਮ ਤੋਂ ਬਾਅਦ 29 ਜੁਲਾਈ 2019 ਨੂੰ ਐਸ. ਆਈ. ਟੀ. ਦੇ ਮੁਖੀ ਪ੍ਰਬੋਧ ਕੁਮਾਰ ਨੇ ਸੀ. ਬੀ. ਆਈ. ਨੂੰ ਚਿੱਠੀ ਲਿਖ ਕੇ ਇਹ ਕਹਿ ਦਿੱਤਾ ਕਿ ਉਹ ਨਵੇਂ ਐਂਗਲ ਤੋਂ ਮਾਮਲੇ ਦੀ ਜਾਂਚ ਕਰੇ। ਇਸ ਤੋਂ ਬਾਅਦ ਹੀ ਸੀ. ਬੀ. ਆਈ. ਨੇ ਟ੍ਰਾਇਲ ਕੋਰਟ ’ਚ ਆਪਣੀ ਹੀ ਕਲੋਜ਼ਰ ਰਿਪੋਰਟ ਨੂੰ ਰੋਕਣ ਦੀ ਪਟੀਸ਼ਨ ਦਾਇਰ ਕੀਤੀ ਸੀ।
ਬੇਅਦਬੀ ਕਾਂਡ ਦੀ ਜਾਂਚ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਮੁੱਖ ਮੁੱਦੇ ਵਜੋਂ ਗੂੰਜ ਰਿਹਾ ਹੈ ਪਰ ਇਸ ਮਾਮਲੇ ’ਤੇ ਹੁਣ ਤੱਕ ਕੀਤੀ ਗਈ ਕਾਰਵਾਈ ਆਲੇ ਕੌਡੀ...ਛਿੱਕੇ ਕੌਡੀ...ਵਾਲੀ ਹੀ ਰਹੀ । ਇਕ ਜਾਂਚ ਏਜੰਸੀ ਹੱਥੋਂ ਜਾਂਚ ਖੋਹ ਕੇ ਦੂਜੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਜਾਂਦੀ ਹੈ ਅਤੇ ਦੂਜੀ ਹੱਥੋਂ ਹੋ ਕੇ ਇਹ ਮੁੜ ਤੀਜੀ ਜਾਂਚ ਏਜੰਸੀ ਕੋਲ ਚਲੀ ਜਾਂਦੀ ਹੈ। ਹੁਣ ਤੱਕ ਇਸ ਮਾਮਲੇ ਦੀ ਜਾਂਚ ਲਈ ਦੋ ਕਮਿਸ਼ਨ, ਤੀਜੀ ਸਿੱਟ ਅਤੇ ਚੌਥੀ ਸੀ. ਬੀ. ਆਈ ਜਾਂਚ ਲਈ ਨਿਯੁਕਤ ਕੀਤੀ ਜਾ ਚੁੱਕੀ ਹੈ। ਸਭ ਤੋਂ ਪਹਿਲਾਂ ਇਸ ਮਾਮਲੇ ਵਿਚ ਬਾਦਲ ਸਰਕਾਰ ਵੱਲੋਂ ਬਿਠਾਏ ਗਏ ਜਸਟਿਸ ਜੋਰਾ ਸਿੰਘ ਦੇ ਕਮਿਸ਼ਨ ਨੇ ਜਾਂਚ ਕੀਤੀ ਗਈ ਸੀ। ਉਸ ਤੋਂ ਬਾਅਦ ਬਾਦਲ ਸਰਕਾਰ ਵੱਲੋਂ ਹੀ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ ਨੂੰ ਸੌਂਪੀ ਗਈ। ਬਾਦਲ ਸਰਕਾਰ ਦੇ ਸੱਤਾ ਤੋਂ ਲਾਂਭੇ ਹੁੰਦਿਆ ਹੀ ਕੈਪਟਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਿਠਾ ਦਿੱਤਾ। ਇਸ ਕਮਿਸ਼ਨ ਨੂੰ ਰਿਪੋਰਟ ਨੂੰ ਅਕਾਲੀ ਦਲ ਬਾਦਲ ਵੱਲੋਂ ਨਕਾਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਜਾਂਚ ਸਿੱਟ ਨੂੰ ਸੌਂਪ ਦਿੱਤੀ। ਸਿੱਟ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨੂੰ ਅਕਾਲੀ ਦਲ ਨੇ ਕਾਂਗਰਸੀ ਪ੍ਰਾਪੇਗੰਡਾ ਆਖ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ। ਹੁਣ ਸਿੱਟ ਮੁਖੀ ਪ੍ਰਬੋਧ ਕੁਮਾਰ ਨੇ ਗੇਂਦ ਮੁੜ ਸੀ. ਬੀ. ਆਈ ਦੇ ਪਾਲੇ ਵਿਚ ਸੁੱਟ ਦਿੱਤੀ ਹੈ। ਇਸ ਸਭ ਡਰਾਮੇ ਦੇ ਚਲਦਿਆਂ ਇਹ ਜਾਂਚ ਕਿੰਨਾ ਚਿਰ ਹੋਰ ਲਟਕੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਸਮੁੱਚੇ ਘਟਨਾਕ੍ਰਮ ਨੂੰ ਦੇਖ ਕੇ ਇਹ ਸਵਾਲ ਪੈਦਾ ਹੁੰਦਾ ਹੈ ਕਿ, ਕੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਕਦੇ ਹੋ ਸਕੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ?