ਜੰਗਲੀ ਤੇਂਦੂਏ ਵੱਲੋਂ ਵੱਛੜਾ ਮਾਰਨ ਦੀ ਖ਼ਬਰ ਨੇ ਬੁਰੀ ਤਰ੍ਹਾਂ ਡਰਾਏ ਲੋਕ, ਇਲਾਕੇ 'ਚ ਲਾਏ ਜਾ ਰਹੇ ਵੱਡੇ ਪਿੰਜਰੇ

Saturday, Jul 22, 2023 - 01:46 PM (IST)

ਜੰਗਲੀ ਤੇਂਦੂਏ ਵੱਲੋਂ ਵੱਛੜਾ ਮਾਰਨ ਦੀ ਖ਼ਬਰ ਨੇ ਬੁਰੀ ਤਰ੍ਹਾਂ ਡਰਾਏ ਲੋਕ, ਇਲਾਕੇ 'ਚ ਲਾਏ ਜਾ ਰਹੇ ਵੱਡੇ ਪਿੰਜਰੇ

ਭਾਮੀਆਂ ਕਲਾਂ (ਜਗਮੀਤ) : ਲਗਭਗ 2 ਦਿਨ ਪਹਿਲਾਂ ਮੱਤੇਵਾੜਾ ਜੰਗਲ ਦੇ ਨੇੜੇ ਸਥਿਤ ਪਿੰਡ ਗੜੀ ਤੋਗੜਾ 'ਚ ਜੰਗਲੀ ਤੇਂਦੂਆ ਆਉਣ ਅਤੇ ਇਕ ਪਾਲਤੂ ਵੱਛੜੇ ਨੂੰ ਮਾਰਨ ਦੀ ਫ਼ੈਲੀ ਖ਼ਬਰ ਮਗਰੋਂ ਇਲਾਕੇ 'ਚ ਲਗਾਤਾਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਹੀ ਇਲਾਕੇ 'ਚ ਸਰਚ ਕਰ ਰਹੀ ਜੰਗਲੀ ਜੀਵ ਵਿਭਾਗ ਦੀ ਟੀਮ ਦੇ ਮੁਖੀ ਨੇ ਦਾਅਵਾ ਕੀਤਾ ਹੈ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਜੰਗਲੀ ਤੇਂਦੂਆ ਨਹੀਂ ਹੈ, ਸਗੋਂ ਕੋਈ ਹੋਰ ਜੰਗਲੀ ਜਾਨਵਰ ਹੋ ਸਕਦਾ ਹੈ। ਫਿਰ ਵੀ ਮਾਹਿਰਾਂ ਦੀਆਂ ਟੀਮਾਂ ਜੰਗਲ ਅਤੇ ਪਿੰਡ ਦੇ ਇਲਾਕੇ 'ਚ ਲਗਾਤਾਰ ਸਰਚ ਕਰ ਰਹੀਆਂ ਹਨ। ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੰਗਲੀ ਤੇਂਦੂਏ ਦੇ ਰਿਹਾਇਸ਼ੀ ਇਲਾਕੇ 'ਚ ਆਉਣ ਦੀ ਸੂਚਨਾ ਮਿਲਣ ਮਗਰੋਂ ਉਹ ਲਗਾਤਾਰ ਜੰਗਲੀ ਜੀਵ ਵਿਭਾਗ ਅਤੇ ਹੋਰ ਵਾਇਲਡ ਮਾਹਿਰਾਂ ਦੀਆਂ ਟੀਮਾਂ ਦੇ ਨਾਲ ਸਰਚ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਟੀਮ ਨੂੰ ਜੰਗਲੀ ਤੇਂਦੂਏ ਜਾਂ ਕਿਸੇ ਹੋਰ ਜੰਗਲੀ ਜਾਨਵਰ ਦਾ ਪਤਾ ਨਹੀਂ ਲੱਗ ਸਕਿਆ ਹੈ। ਜੰਗਲ ਦੇ ਨਾਲ ਹੀ ਸਤਲੁਜ ਦਰਿਆ ਅਤੇ ਹੋਰ ਆਸ-ਪਾਸ ਦੇ ਇਲਾਕਿਆਂ 'ਚ ਲਗਾਤਾਰ ਸਰਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਵੱਲ ਧਿਆਨ ਨਾ ਦੇਣ, ਕਿਉਂਕਿ ਜੰਗਲੀ ਜੀਵ ਵਿਭਾਗ ਦੀਆਂ ਟੀਮਾਂ ਦਿਨ-ਰਾਤ ਸਰਚ ਕਰ ਰਹੀਆਂ ਹਨ। 

ਇਹ ਵੀ ਪੜ੍ਹੋ : ਸਕੂਲ 'ਚ ਗੁੱਥਮ-ਗੁੱਥੀ ਹੋਈਆਂ ਅਧਿਆਪਕਾਵਾਂ, ਇਕ-ਦੂਜੇ ਦੇ ਪਾੜ ਦਿੱਤੇ ਕੱਪੜੇ

ਤੇਂਦੂਆ ਨਹੀਂ, ਜੰਗਲੀ ਬਿੱਲੀ ਜਾਂ ਬਿੱਲੇ ਦੇ ਪੈਰਾਂ ਦੇ ਨਿਸ਼ਾਨ 
ਜੰਗਲੀ ਜੀਵ ਵਿਭਾਗ ਦੀ ਟੀਮ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਗੜ੍ਹੀ ਤੋਗੜਾਂ 'ਚ ਮਿਲੇ ਜਾਨਵਰ ਦੇ ਪੈਰਾਂ ਦੇ ਨਿਸ਼ਾਨਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਬਾਅਦ ਜਾਂਚ ਟੀਮਾਂ ਨੇ ਪਾਇਆ ਹੈ ਕਿ ਇਹ ਜੰਗਲੀ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਨਹੀਂ ਹਨ, ਸਗੋਂ ਇਹ ਕਿਸੇ ਛੋਟੇ ਜਾਨਵਰ ਜਿਵੇਂ ਜੰਗਲੀ ਬਿੱਲੀ ਜਾਂ ਬਿੱਲੇ ਦੇ ਪੈਰਾਂ ਦੇ ਨਿਸ਼ਾਨ ਹਨ ਕਿਉਂਕਿ ਜੰਗਲੀ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਕਾਫੀ ਜ਼ਿਆਦਾ ਵੱਡੇ ਹੁੰਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ On the Spot ਹੋਵੇਗਾ ਹੱਲ, ਵਿਧਾਇਕ ਵੱਲੋਂ ਲਾਏ ਜਾਣਗੇ ਕੈਂਪ

ਟ੍ਰੇਸਿੰਗ ਕੈਮਰਿਆਂ ਦੇ ਨਾਲ ਪਿੰਜਰੇ ਵੀ ਲਗਾਏ 

ਤੇਂਦੂਆ ਨਾ ਹੋ ਕੇ ਕਿਸੇ ਹੋਰ ਜੰਗਲੀ ਜਾਨਵਰ ਦੀ ਪੁਸ਼ਟੀ ਕਰਦੇ ਹੋਏ ਜੰਗਲੀ ਜੀਵ ਵਿਭਾਗ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਖ਼ੁਲਾਸਾ ਕੀਤਾ ਕਿ ਇਲਾਕੇ 'ਚ ਤਿੰਨ ਥਾਵਾਂ 'ਤੇ ਤਿੰਨ ਟ੍ਰੇਸਿੰਗ ਕੈਮਰੇ ਲਗਾਏ ਜਾ ਰਹੇ ਹਨ। ਜੇਕਰ ਦਿਨ ਜਾਂ ਰਾਤ ਦੇ ਸਮੇਂ ਕੋਈ ਵੀ ਜੰਗਲੀ ਜਾਨਵਰ ਇਨ੍ਹਾਂ ਕੈਮਰਿਆਂ ਦੇ ਅੱਗੇ ਤੋਂ ਕਿਸੇ ਵੀ ਦੂਰੀ ਤੋਂ ਲੰਘੇਗਾ ਤਾਂ ਇਹ ਕੈਮਰਾ ਤੁਰੰਤ ਉਸ ਜਾਨਵਰ ਦੀ ਫੋਟੋ ਕਲਿੱਕ ਕਰ ਲਵੇਗਾ। ਇਸ ਦੇ ਨਾਲ ਹੀ ਇਲਾਕੇ 'ਚ ਚੀਤਾ ਫੜ੍ਹਨ ਵਾਲੇ ਵੱਡੇ ਪਿੰਜਰੇ ਵੀ ਲਗਾਏ ਜਾ ਰਹੇ ਹਨ। ਲੋਕਾਂ ਦੀ ਸੁਰੱਖਿਆ ਲਈ ਹਰ ਤਰ੍ਹਾ ਦੇ ਯਤਨ ਕੀਤੇ ਜਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News