4 ਸਾਲਾ ਧੀ, ਗਹਿਣੇ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਪਤਨੀ, ਪੁਲਸ ਕੋਲ ਫਰਿਆਦ ਲੈ ਕੇ ਪਹੁੰਚਿਆ ਪਤੀ

Monday, Aug 21, 2023 - 06:09 PM (IST)

4 ਸਾਲਾ ਧੀ, ਗਹਿਣੇ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਪਤਨੀ, ਪੁਲਸ ਕੋਲ ਫਰਿਆਦ ਲੈ ਕੇ ਪਹੁੰਚਿਆ ਪਤੀ

ਬਨੂੜ (ਗੁਰਪਾਲ) : ਨੇੜਲੇ ਪਿੰਡ ਘੜਾਮਾ ਦੀ ਵਸਨੀਕ ਵਿਆਹੁਤਾ ਔਰਤ ਆਪਣੀ 4 ਸਾਲ ਦੀ ਲੜਕੀ, ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੇ ਦੱਸਿਆ ਕਿ 2011 ’ਚ ਉਸ ਦਾ ਵਿਆਹ ਥਾਣਾ ਮਾਛੀਵਾੜਾ ਅਧੀਨ ਪੈਂਦੇ ਪਿੰਡ ਦੇ ਵਸਨੀਕ ਸਿੰਦਰਪਾਲ ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਨਾਲ ਹੋਇਆ ਸੀ। ਉਹ ਟਰੱਕ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਹ 10 ਸਾਲਾ ਪੁੱਤਰ ਅਤੇ 4 ਸਾਲ ਦੀ ਪੁੱਤਰੀ ਦਾ ਪਿਓ ਹੈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਗੈਰ-ਹਾਜ਼ਰੀ ’ਚ ਉਸ ਦੀ ਪਤਨੀ ਦੇ ਸਬੰਧ ਕਿਸੇ ਹੋਰ ਵਿਅਕਤੀ ਨਾਲ ਬਣ ਗਏ। 

ਉਕਤ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ ਤਾਂ ਉਸ ਦੀ ਪਤਨੀ ਆਪਣੇ 10 ਸਾਲਾ ਪੁੱਤਰ ਨੂੰ ਆਪਣੀ ਭੈਣ ਕੋਲ ਛੱਡ ਕੇ ਘਰ ’ਚ ਪਏ 4 ਤੋਲੇ ਸੋਨੇ ਅਤੇ 30 ਕੁ ਤੋਲੇ ਚਾਦੀ ਦੇ ਗਹਿਣੇ, 5 ਹਜ਼ਾਰ ਰੁਪਏ ਦੀ ਨਕਦੀ, ਹੋਰ ਸਾਮਾਨ ਅਤੇ 4 ਸਾਲਾ ਲੜਕੀ ਨੂੰ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਸੰਦੀਪ ਸਿੰਘ ਨੇ ਘਟਨਾ ਬਾਰੇ ਥਾਣਾ ਸ਼ੰਭੂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੇਣ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸੰਦੀਪ ਸਿੰਘ ਦੀ ਸ਼ਿਕਾਇਤ ’ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News