ਵਿਆਹ ਦੀ ਵਰ੍ਹੇਗੰਢ 'ਤੇ ਭਰਾ ਨੇ ਉਜਾੜ ਛੱਡੀਆਂ ਖ਼ੁਸ਼ੀਆਂ, ਪਤਨੀ ਦੀ ਵੀਡੀਓ ਦੇਖ ਅੱਖਾਂ ਨੂੰ ਨਾ ਹੋਇਆ ਯਕੀਨ

Thursday, Jan 12, 2023 - 01:40 PM (IST)

ਵਿਆਹ ਦੀ ਵਰ੍ਹੇਗੰਢ 'ਤੇ ਭਰਾ ਨੇ ਉਜਾੜ ਛੱਡੀਆਂ ਖ਼ੁਸ਼ੀਆਂ, ਪਤਨੀ ਦੀ ਵੀਡੀਓ ਦੇਖ ਅੱਖਾਂ ਨੂੰ ਨਾ ਹੋਇਆ ਯਕੀਨ

ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਸਿਕੰਦਰਪੁਰ ਵਿਖੇ ਵਾਪਰੀ ਦਰਦਨਾਕ ਘਟਨਾ 'ਚ ਜੇਠ ਅਮਰੀਕ ਸਿੰਘ ਨੇ ਆਪਣੀ ਭਾਬੀ ਮੁਸਕਾਨ (30) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਦੀ ਸਾਰੀ ਵੀਡੀਓ ਬਣਾ ਕੇ ਉਸ ਨੇ ਆਪਣੇ ਦੋਸਤ ਨੂੰ ਭੇਜੀ। ਮ੍ਰਿਤਕ ਮੁਸਕਾਨ ਦੇ ਪਤੀ ਰਾਜ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਕਰੀਬ 2 ਸਾਲ ਉਸ ਦਾ ਪ੍ਰੇਮ ਵਿਆਹ ਮੁਸਕਾਨ ਵਾਸੀ ਦਿੱਲੀ ਨਾਲ ਹੋਇਆ ਸੀ। ਉਹ ਆਪਣੇ ਪਿੰਡ ਸਿਕੰਦਰਪੁਰ ਰਹਿੰਦਾ ਸੀ। ਉਸ ਨੇ ਦੱਸਿਆ ਕਿ ਘਰ 'ਚ ਰਹਿੰਦਾ ਵੱਡਾ ਭਰਾ ਅਮਰੀਕ ਸਿੰਘ ਉਰਫ਼ ਵਿੱਕੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਘਰ 'ਚ ਕਲੇਸ਼ ਰੱਖਦਾ ਸੀ। ਇਸ ਤੋਂ ਤੰਗ ਹੋ ਕੇ ਉਹ ਆਪਣੀ ਪਤਨੀ ਸਮੇਤ ਮਾਛੀਵਾੜਾ ਵਿਖੇ ਕਿਰਾਏ ਦੇ ਮਕਾਨ ’ਤੇ ਰਹਿਣ ਲੱਗ ਪਿਆ। ਬਿਆਨਕਰਤਾ ਅਨੁਸਾਰ ਉਸ ਦੇ ਇੱਕ ਸਾਲ ਦੀ ਬੱਚੀ ਵੀ ਹੈ ਅਤੇ ਉਹ ਮਾਛੀਵਾੜਾ ਵਿਖੇ ਇੱਕ ਦੁਕਾਨ ’ਤੇ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਘਰ ਦਾ ਕਿਰਾਇਆ ਜ਼ਿਆਦਾ ਹੋਣ ਕਾਰਨ ਉਹ 5 ਦਿਨ ਪਹਿਲਾਂ ਹੀ ਆਪਣੇ ਜ਼ੱਦੀ ਘਰ ਪਿੰਡ ਸਿਕੰਦਰਪੁਰ ਵਿਖੇ ਆ ਕੇ ਪਰਿਵਾਰ ਸਮੇਤ ਰਹਿਣ ਲੱਗ ਪਿਆ। ਬੀਤੀ 11 ਜਨਵਰੀ ਸ਼ਾਮ ਨੂੰ ਉਸ ਦੇ ਭਰਾ ਅਮਰੀਕ ਸਿੰਘ ਨੇ ਪਤਨੀ ਨਾਲ ਝਗੜਾ ਕੀਤਾ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਦੂਜਾ ਦਿਨ, ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸੁਆਗਤ (ਤਸਵੀਰਾਂ)

ਕਤਲ ਤੋਂ ਬਾਅਦ ਉਸਦੀ ਵੀਡੀਓ ਬਣਾ ਕੇ ਅਮਰੀਕ ਸਿੰਘ ਨੇ ਆਪਣੇ ਦੋਸਤ ਜਤਿੰਦਰ ਸਿੰਘ ਨੂੰ ਭੇਜ ਦਿੱਤੀ, ਜਿਸ ਨੇ ਵੀਡੀਓ ਉਸ ਨੂੰ ਭੇਜ ਕੇ ਦੱਸਿਆ ਕਿ ਉਸ ਦੇ ਭਰਾ ਨੇ ਉਸਦੀ ਪਤਨੀ ਦਾ ਕਤਲ ਕਰ ਦਿੱਤਾ ਹੈ। ਘਟਨਾ ਦਾ ਪਤਾ ਲੱਗਣ ’ਤੇ ਉਹ ਤੁਰੰਤ ਪਿੰਡ ਸਿਕੰਦਰਪੁਰ ਪੁੱਜਿਆ ਤਾਂ ਦੇਖਿਆ ਕਿ ਘਰ 'ਚ ਨਾ ਤਾਂ ਉਸਦਾ ਭਰਾ ਅਮਰੀਕ ਸਿੰਘ ਮੌਜੂਦ ਸੀ ਅਤੇ ਨਾ ਹੀ ਉਸਦੀ ਪਤਨੀ ਸੀ,  ਜਦੋਂ ਕਿ ਘਰ ਦਾ ਵਿਹੜਾ ਪਾਣੀ ਨਾਲ ਧੋ ਕੇ ਉਸਦੇ ਭਰਾ ਨੇ ਕਤਲ ਦੌਰਾਨ ਡੁੱਲ੍ਹੇ ਖੂਨ ਦੇ ਸਬੂਤ ਮਿਟਾ ਦਿੱਤੇ ਸਨ। ਜਦੋਂ ਉਸ ਨੇ ਆਪਣੀ ਪਤਨੀ ਦੀ ਭਾਲ ਸ਼ੁਰੂ ਕੀਤੀ ਤਾਂ ਘਰ ਤੋਂ ਕੁੱਝ ਹੀ ਦੂਰੀ ’ਤੇ ਉਸਦੀ ਪਤਨੀ ਮੁਸਕਾਨ ਦੀ ਲਾਸ਼ ਮਿਲੀ, ਜੋ ਕਿ ਬੋਰੀ ’ਚ ਬੰਦ ਕਰਕੇ ਸੁੱਟੀ ਹੋਈ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਵਲੋਂ ਆਪਣੀ ਭਾਬੀ ਨੂੰ ਕਤਲ ਕਰਨ ਦੇ ਦੋਸ਼ ਹੇਠ ਜੇਠ ਅਮਰੀਕ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜੋ ਅਜੇ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਲੁਧਿਆਣਾ ਤੋਂ ਜਲੰਧਰ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਵਿਆਹ ਦੀ ਵਰ੍ਹੇਗੰਢ ਮਨਾਉਣੀ ਸੀ ਪਰ ਘਰ 'ਚ ਛਾਇਆ ਮਾਤਮ

ਸਿਕੰਦਰਪੁਰ ਵਾਸੀ ਰਾਜ ਸਿੰਘ ਤੇ ਉਸਦੀ ਪਤਨੀ ਮੁਸਕਾਨ ਦੀ 11 ਜਨਵਰੀ ਨੂੰ ਵਿਆਹ ਦੀ ਵਰ੍ਹੇਗੰਢ ਸੀ। ਪਤੀ ਰਾਜ ਸਿੰਘ ਜਿਸ ਦੁਕਾਨ ’ਤੇ ਨੌਕਰੀ ਕਰਦਾ ਸੀ, ਉੱਥੋਂ ਜਲਦ ਛੁੱਟੀ ਲੈ ਕੇ ਘਰ ਜਾ ਆਪਣੀ ਪਤਨੀ ਨਾਲ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਉਸਦੇ ਕਤਲ ਦੀ ਵੀਡੀਓ ਮਿਲ ਗਈ। ਘਰ 'ਚ ਖੁਸ਼ੀਆਂ ਦੀ ਥਾਂ ਮਾਤਮ ਛਾਇਆ ਹੋਇਆ ਸੀ ਅਤੇ ਮੁਸਕਾਨ ਆਪਣੇ ਪਿੱਛੇ ਪਤੀ ਤੋਂ ਇਲਾਵਾ 1 ਸਾਲਾ ਬੱਚੀ ਨੂੰ ਛੱਡ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News