ਅਣਪਛਾਤਿਆਂ ਦੀ ਮਦਦ ਨਾਲ ਪਤਨੀ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਮਾਮਲਾ ਦਰਜ

05/21/2019 9:33:42 PM

ਗੁਰਦਾਸਪੁਰ,(ਵਿਨੋਦ): ਸ਼ਹਿਰ 'ਚ ਪਤੀ ਵਲੋਂ ਅਣਪਛਾਤਿਆਂ ਦੀ ਮਦਦ ਨਾਲ ਵੱਖ ਰਹਿ ਰਹੀ ਪਤਨੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਖਿਲਾਫ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਆਪਣੇ ਪਤੀ ਤੋਂ ਤਿੰਨ ਬੱਚਿਆਂ ਦੇ ਨਾਲ ਵੱਖਰੀ ਰਹਿ ਰਹੀ ਇਕ ਔਰਤ ਨੂੰ ਉਸ ਦੇ ਪਤੀ ਵੱਲੋਂ ਮਾਰਕੁੱਟ ਕਰਨ, ਵਾਲਾਂ ਤੋਂ ਫੜ ਕੇ ਘਸੀਟਣ ਤੇ ਆਪਣੇ ਸਾਥੀਆਂ ਸਮੇਤ ਅਗਵਾ ਕਰਨ ਦੀ ਕੋਸ਼ਿਸ ਨੂੰ ਲੋਕਾਂ ਨੇ ਅਸਫਲ ਕਰ ਦਿੱਤਾ। ਲੋਕਾਂ ਦਾ ਹਜੂਮ ਇਕੱਠਾ ਹੁੰਦਾ ਵੇਖ ਦੋਸ਼ੀ ਪਤੀ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਿਆ। ਸੂਚਨਾ ਮਿਲਦੇ ਹੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ ਤੇ ਮਹਿਲਾ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਪਤੀ ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਉਸ ਵਲੋਂ ਦਿੱਤੀ ਸ਼ਿਕਾਇਤ ਦੀ ਪੁਲਸ ਮਹਿਲਾ ਵਿੰਗ ਦੇ ਕੋਲ ਜਾਂਚ ਚੱਲ ਰਹੀ ਹੈ। 

ਇਸ ਸਬੰਧੀ ਪੀੜਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੇ ਲਗਭਗ 14 ਸਾਲ ਪਹਿਲਾਂ ਮਨਜੀਤ ਸਿੰਘ ਪੁੱਤਰ ਅਨੋਕ ਸਿੰਘ ਨਿਵਾਸੀ ਨਡਾਲਾ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਹ ਲਗਭਗ 18 ਮਹੀਨੇ ਸਹੁਰੇ ਪਰਿਵਾਰ 'ਚ ਰਹੀ ਸੀ ਤੇ ਉਸ ਦੇ ਬਾਅਦ ਆਪਣੇ ਪਤੀ ਦੇ ਨਾਲ ਝੂਲਣਾ ਮਹਿਲ ਮੁਹੱਲੇ 'ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੀ ਹੈ। ਵਿਆਹ ਦੇ ਬਾਅਦ ਉਨ੍ਹਾਂ ਦੇ ਇਕ ਲੜਕਾ ਤੇ ਦੋ ਲੜਕੀਆਂ ਵੀ ਪੈਦਾ ਹੋਈਆਂ ਪਰ ਕੁਝ ਮਹੀਨੇ ਤੋਂ ਉਸ ਦੇ ਆਪਣੇ ਪਤੀ ਦੇ ਨਾਲ ਸਬੰਧ ਠੀਕ ਨਹੀਂ ਚਲ ਰਹੇ ਹਨ ਤੇ ਉਹ ਗੁਰਦਾਸਪੁਰ 'ਚ ਰਹਿੰਦੀ ਹੈ। ਉਸ ਦਾ ਪਤੀ ਪਿੰਡ ਨਡਾਲਾ 'ਚ ਰਹਿੰਦਾ ਹੈ ਤੇ ਉਸ ਨਾਲ ਜ਼ਬਰਦਸਤੀ ਕਰ ਉਸ ਨੂੰ ਪਿੰਡ ਨਡਾਲਾ ਲਿਜਾ ਕੇ ਉਸ ਦੀ ਹੱਤਿਆ ਕਰਨਾ ਚਾਹੁੰਦਾ ਹੈ।  
ਪੀੜਤਾ ਨੇ ਦੱਸਿਆ ਕਿ ਉਹ ਮਠਿਆਈ ਆਦਿ ਦੇ ਡੱਬੇ ਬਣਾਉਣ ਵਾਲੀ ਗੀਤਾ ਭਵਨ ਰੋਡ ਸਥਿਤ ਇਕ ਫੈਕਟਰੀ 'ਚ ਨੌਕਰੀ ਕਰਕੇ ਆਪਣਾ ਪਰਿਵਾਰ ਚਲਾ ਰਹੀ ਹੈ। ਅੱਜ ਦੁਪਹਿਰ ਉਹ ਫੈਕਟਰੀ 'ਚ ਕੰਮ ਰਹੀ ਸੀ ਤਾਂ ਉਸ ਦਾ ਪਤੀ ਮਨਜੀਤ ਸਿੰਘ ਆਪਣੇ ਕੁਝ ਸਾਥੀਆਂ ਨਾਲ ਫੈਕਟਰੀ ਦੀ ਤੀਜੀ ਮੰਜ਼ਿਲ, ਜਿਥੇ ਉਹ ਕੰਮ ਕਰ ਰਹੀ ਸੀ, 'ਤੇ ਆ ਗਿਆ। ਜਿਸ ਨੇ ਉਸ ਦਾ ਮੂੰਹ ਬੰਨ ਕੇ ਵਾਲਾਂ ਤੋਂ ਫੜ ਕੇ ਪੌੜੀਆ ਤੋਂ ਘਸੀਟਦਾ ਹੋਇਆ ਉਸ ਨੂੰ ਹੇਠਾਂ ਲੈ ਆਇਆ ਤੇ ਇਹੀ ਕਹਿੰਦਾ ਰਿਹਾ ਕਿ ਤੇਰਾ ਕਤਲ ਕਰਨਾ ਹੈ, ਪਰ ਜਿਵੇ ਹੀ ਮਨਜੀਤ ਸਿੰਘ ਉਸ ਨੂੰ ਗਲੀ ਦੇ ਬਾਹਰ ਸੜਕ 'ਤੇ ਲੈ ਕੇ ਆਇਆ ਤਾਂ ਉਥੇ ਲੋਕ ਇਕੱਠੇ ਹੋ ਗਏ। ਜਿਨ੍ਹਾਂ ਨੂੰ ਦੇਖ ਉਸ ਦਾ ਪਤੀ ਆਪਣੇ ਇਕ ਸਾਥੀ ਦੇ ਨਾਲ ਮੋਟਰਸਾਈਕਲ ਤੇ ਹੋਰ ਗੱਡੀ 'ਤੇ ਭੱਜਣ 'ਚ ਸਫ਼ਲ ਹੋ ਗਏ। ਘਟਨਾ ਬਾਰੇ ਸੂਚਿਤ ਕਰਨ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ।

ਕੀ ਕਹਿਣਾ ਹੈ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਦਾ
ਇਸ ਘਟਨਾ ਸਬੰਧੀ ਜਦ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਪੀੜਤਾ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਪਤੀ ਮਨਜੀਤ ਸਿੰਘ ਸਮੇਤ 5-6 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ਼ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਟੀਮਾਂ ਬਣਾਈਆ ਜਾ ਰਹੀਆਂ ਹਨ।


Related News